ਲੰਡਨ ਦੀ ਕੋਰਟ ਵਿਚ ਅਮਰੀਕਾ ਨੇ ਕਿਹਾ- ਪਾਕਿਸਤਾਨ ਵਿਚ ਹੈ ਦਾਊਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਹਮੇਸ਼ਾਂ ਹੀ ਇਸ ਗੱਲ ਤੋਂ ਮਨ੍ਹਾਂ ਕਰਦਾ ਹੈ ਕਿ ਉਸ ਨੇ ਭਾਰਤ ਦੇ ਮੋਸਟ ਵਾਂਟਡ ਅਪਰਾਧੀ ਦਾਊਦ ਇਬਰਾਹਿਮ ਨੂੰ ਅਪਣੇ ਦੇਸ਼ ਵਿਚ ਸ਼ਰਣ ਦਿੱਤੀ ਹੋਈ ਹੈ।

Dawood Ibrahim

ਲੰਡਨ: ਪਾਕਿਸਤਾਨ ਹਮੇਸ਼ਾਂ ਹੀ ਇਸ ਗੱਲ ਤੋਂ ਮਨ੍ਹਾਂ ਕਰਦਾ ਹੈ ਕਿ ਉਸ ਨੇ ਭਾਰਤ ਦੇ ਮੋਸਟ ਵਾਂਟਡ ਅਪਰਾਧੀ ਦਾਊਦ ਇਬਰਾਹਿਮ ਨੂੰ ਅਪਣੇ ਦੇਸ਼ ਵਿਚ ਸ਼ਰਣ ਦਿੱਤੀ ਹੋਈ ਹੈ। ਪਰ ਅਮਰੀਕੀ ਸਰਕਾਰ ਨੇ ਲੰਡਨ ਕੋਰਟ ਵਿਚ ਪੁਸ਼ਟੀ ਕੀਤੀ ਹੈ ਕਿ ਦਾਊਦ ਇਬਰਾਹਿਮ ਪਾਕਿਸਤਾਨ ਵਿਚ ਹੈ ਅਤੇ ਉਸ ਦੀ ਡੀ-ਕੰਪਨੀ ਦਾ ਕਾਰੋਬਾਰ ਕਰਾਚੀ ਵਿਚ ਵੀ ਹੈ।

ਜਾਬਿਰ ਮੋਤੀਵਾਲਾ ਜਿਸ ‘ਤੇ ਦਾਊਦ ਦਾ ਵਫ਼ਾਦਾਰ ਹੋਣ ਦਾ ਇਲਜ਼ਾਮ ਹੈ, ਦੀ ਹਵਾਲਗੀ ‘ਤੇ ਸੁਣਵਾਈ ਤੋਂ ਪਹਿਲਾਂ ਸੋਮਵਾਰ ਨੂੰ ਵੈਸਟਮਿੰਸਟਰ ਕੋਰਟ ਵਿਚ ਅਮਰੀਕੀ ਸਰਕਾਰ ਦੇ ਨੁਮਾਇੰਦੇ ਜਾਨ ਹਾਰਡੀ ਨੇ ਕਿਹਾ ਕਿ ਨਿਊਯਾਰਕ ਐਫਬੀਆਈ ਡੀ-ਕੰਪਨੀ ਦੀ ਜਾਂਚ ਕਰ ਰਹੀ ਹੈ, ਜੋ ਕਿ ਪਾਕਿਸਤਾਨ, ਭਾਰਤ ਅਤੇ ਯੂਏਈ ਵਿਚ ਸਥਿਤ ਹੈ। ਹਾਰਡੀ ਨੇ ਅੱਗੇ ਕਿਹਾ ਕਿ ਦਾਊਦ ਇਬਰਾਹਿਮ ਇਕ ਭਾਰਤੀ ਮੁਸਲਿਮ ਹੈ, ਉਹ ਪਾਕਿਸਤਾਨ ਵਿਚ ਰਹਿ ਰਿਹਾ ਹੈ।

ਉਹ ਅਤੇ ਉਸ ਦਾ ਭਰਾ 1993 ਤੋਂ ਭਾਰਤ ਵਿਚੋਂ ਲਾਪਤਾ ਹਨ ਅਤੇ ਪਿਛਲੇ 10 ਸਾਲਾਂ ਵਿਚ ਡੀ-ਕੰਪਨੀ ਦੇ ਓਪਰੇਟਰ ਨੇ ਅਮਰੀਕਾ ਵਿਚ ਵਿਸ਼ੇਸ਼ ਰੂਪ ਨਾਲ ਮਨੀ ਲਾਂਡਰਿੰਗ ਅਤੇ ਜਬਰਨ ਵਸੂਲੀ ਨੂੰ ਸੰਚਾਲਨ ਕੀਤਾ ਹੈ। ਐਫਬੀਆਈ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੋਤੀਵਾਲਾ ਸਿੱਧੇ ਦਾਊਦ ਨੂੰ ਰਿਪੋਰਟ ਕਰਦਾ ਸੀ ਅਤੇ ਜਬਰਨ ਵਸੂਲੀ, ਕਰਜ਼ਾ ਵਸੂਲੀ ਅਤੇ ਮਨੀ ਲਾਡਰਿੰਗਲ ਉਸ ਦੇ ਮੁੱਖ ਧੰਦੇ ਸਨ। ਦੱਸ ਦਈਏ ਕਿ ਮੋਤੀਵਾਲਾ ਪਾਕਿਸਤਾਨੀ ਨਾਗਰਿਕ ਹੈ, ਜਿਸ ਦੇ ਕੋਲ ਬ੍ਰਿਟੇਨ ਦਾ 10 ਸਾਲ ਦਾ ਵੀਜ਼ਾ ਹੈ। ਮੋਤੀਵਾਲਾ ਨੂੰ ਮੈਟਰੋਪੋਲੀਟਨ ਪੁਲਿਸ ਹਵਾਲਗੀ ਇਕਾਈ ਨੇ ਅਮਰੀਕੀ ਸਰਕਾਰ ਦੀ ਹਵਾਲਗੀ ਦੀ ਬੇਨਤੀ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਲੰਡਨ ਦੇ ਇਕ ਹੋਟਲ ਵਿਚ ਗ੍ਰਿਫ਼ਤਾਰ ਕੀਤਾ ਸੀ।