ਨਿਊਜ਼ੀਲੈਂਡ ਦੇ ਸਿਹਤ ਮੰਤਰੀ ਦਾ ਅਸਤੀਫ਼ਾ
ਨਿਊਜ਼ੀਲੈਂਡ ਨੇ ਕਰੋਨਾ ਉਤੇ ਕਾਬੂ ਪਾ ਕੇ ਪੂਰੀ ਦੁਨੀਆ ਦਾ ਧਿਆਨ ਦੇਸ਼ ਦੇ ਸਿਹਤ ਮੰਤਰਾਲੇ ਦੀ ਰਣਨੀਤੀ
ਔਕਲੈਂਡ, 2 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਨੇ ਕਰੋਨਾ ਉਤੇ ਕਾਬੂ ਪਾ ਕੇ ਪੂਰੀ ਦੁਨੀਆ ਦਾ ਧਿਆਨ ਦੇਸ਼ ਦੇ ਸਿਹਤ ਮੰਤਰਾਲੇ ਦੀ ਰਣਨੀਤੀ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲ ਖਿਚਿਆ ਸੀ। ਦੇਸ਼ ਵਿਚ ਲਾਕ ਡਾਊਨ ਲਾਗੂ ਹੋਣ ਬਾਅਦ ਦੇਸ਼ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਅਪ੍ਰੇਲ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਇਕ ਬੀਚ ਉਤੇ ਸਾਈਕਲ ਚਲਾ ਕੇ ਸਿਹਤਮੰਦ ਰਹਿਣ ਦਾ ਸੱਦਾ ਦਿਤਾ ਸੀ ਜਦਕਿ ਸਰਕਾਰ ਦਾ ਹੁਕਮ ਸੀ ਲੋਕ ਆਪਣੇ ਘਰਾਂ ਵਿਚ ਰਹਿਣ ਅਤੇ ਘਰਾਂ ਵਿਚ ਹੀ ਰਹਿ ਕੇ ਕਸਰਤ ਆਦਿ ਕਰਨ।
ਕਿਸੇ ਵਿਅਕਤੀ ਨੇ ਇਹ ਫੋਟੋ ਖਿਚ ਕੇ ਮੀਡੀਆ ਨੂੰ ਦੇ ਦਿਤੀ ਸੀ ਅਤੇ ਬਖੇੜਾ ਹੋ ਗਿਆ ਸੀ। ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਮਾਫੀ ਵੀ ਮੰਗ ਲਈ ਸੀ ਪਰ ਫਿਰ ਵੀ ਤਾਅਨੇ ਮਿਹਨਿਆਂ ਨੇ ਮੰਤਰੀ ਸਾਹਿਬ ਦੀ ਬੇਚੈਨੀ ਬਰਕਰਾਰ ਰੱਖੀ। ਆਖਿਰ ਸਿਹਤ ਮੰਤਰੀ ਨੇ ਸਿਹਤ ਮੰਤਰਾਲੇ ਵਾਲੀ ਚੈਨ ਕੱਲ੍ਹ ਲਾਹੁਣ ਦੀ ਇਛਾ ਜ਼ਾਹਿਰ ਕਰਦਿਆਂ ਆਪਣੀ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ। ਇਹ ਅਸਤੀਫ਼ਾ ਅੱਜ ਪ੍ਰਵਾਨ ਕਰ ਲਿਆ ਗਿਆ ਹੈ। ਮੰਤਰੀ ਨੇ ਵੀ ਕਿਹਾ ਹੈ ਕਿ ਇਹ ਵੇਲਾ ਹੈ ਕੋਰੋਨਾ ਮਹਾਂਮਾਰੀ ਉਤੇ ਅਪਣਾ ਧਿਆਨ ਰਖਿਆ ਜਾਵੇ ਕਿਉਂਕਿ ਉਨ੍ਹਾਂ ਦੀ ਗਲਤੀ ਕਰਕੇ ਸਰਕਾਰ ਦਾ ਧਿਆਨ ਇਧਰ ਉਧਰ ਵੰਡਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਹੁਣ ਕਿ੍ਰਸ ਹਿਪਕਿਨਸ ਨੂੰ ਸਿਹਤ ਮੰਤਰੀ ਬਣਾ ਦਿਤਾ ਹੈ।