ਕੈਨੇਡਾ ਤੇ ਅਮਰੀਕਾ ’ਚ ਲੂ ਕਾਰਨ 486 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਥੋਂ ਦੇ ਲਿਟਨ ਸ਼ਹਿਰ ’ਚ ਪਾਰਾ 49.6 ਡਿਗਰੀ ਸੈਲਸੀਅਸ

Summer Temperature

ਵੈਨਕੂਵਰ: ਕੈਨੇਡਾ ਤੇ ਅਮਰੀਕਾ ’ਚ ਲੂ ਦਾ ਕਹਿਰ ਜਾਰੀ ਹੈ। ਅਮਰੀਕਾ ਦੇ ਓਰੇਗਨ, ਵਾਸ਼ਿੰਗਟਨ ਅਤੇ ਨਿਊਯਾਰਕ ਵਿਚ ਭਿਆਨਕ ਗ਼ਰਮੀ ਪੈ ਰਹੀ ਹੈ ਅਤੇ ਉਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਹੁਣ ਤਕ 486 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਮਰੀਕਾ ’ਚ 121 ਤੋਂ ਜ਼ਿਆਦਾ ਲੋਕਾਂ ਦੀ ਗਰਮੀ ਨਾਲ ਮੌਤ ਹੋ ਗਈ ਹੈ।

ਓਰੇਗਨ ਦੇ ਸਿਹਤ ਅਧਿਕਾਰੀ ਨੇ ਦਸਿਆ ਕਿ ਗ਼ਰਮੀ ਕਾਰਨ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਦੀ ਸਭ ਤੋਂ ਵੱਡੀ ਕਾਊਂਟੀ ਮੁਲਟਨੋਮਾ ਵਿਚ ਸ਼ੁਕਰਵਾਰ ਨੂੰ ਲੂ ਚੱਲਣ ਤੋਂ ਬਾਅਦ 45 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਇਸ ਵਾਰੀ ਗਰਮੀ ਨਾਲ ਲੋਕਾਂ ਦੀ ਜਾਨ ਬਚਾਉਣਾ ਮੁਸ਼ਕਲ ਹੋ ਰਿਹਾ ਹੈ। ਇੱਥੇ ਗਰਮੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇਥੋਂ ਦੇ ਲਿਟਨ ਸ਼ਹਿਰ ’ਚ ਪਾਰਾ 49.6 ਡਿਗਰੀ ਸੈਲਸੀਅਸ ਰਿਹਾ।

ਵੈਨਕੂਵਰ ਦੇ ਪੁਲਿਸ ਸਾਰਜੈਂਟ ਸਟੀਵ ਐਡੀਸਨ ਨੇ ਇਕ ਬਿਆਨ ’ਚ ਕਿਹਾ ਕਿ ਵੈਨਕੂਵਰ ’ਚ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਪਈ ਅਤੇ ਦੁੱਖ ਵਾਲੀ ਗੱਲ ਇਹ ਹੈ ਕਿ ਇਸਦੇ ਕਾਰਨ ਦਰਜਨਾਂ ਲੋਕ ਮਰ ਰਹੇ ਹਨ। ਵਾਸ਼ਿੰਗਟਨ ਸੂਬਾ ਅਥਾਰਿਟੀ ਨੇ ਗ਼ਰਮੀ ਕਾਰਨ 20 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖ਼ਬਰ ਦਿਤੀ ਹੈ ਪਰ ਇਹ ਗਿਣਤੀ ਵੱਧ ਸਕਦੀ ਹੈ। ਵਾਸ਼ਿੰਗਟਨ ਸੂਬੇ ’ਚ ਗਰਮੀ ਨਾਲ ਹਾਲਾਤ ਖ਼ਰਾਬ ਹੋਣ ਦੇ ਕਾਰਨ ਲੋਕ ਹਸਪਤਾਲਾਂ ‘ਚ ਦਾਖਲ ਹੋ ਰਹੇ ਹਨ। 

ਓਰੇਗਨ ਦੇ ਗਵਰਨਰ ਕੇਟੇ ਬ੍ਰਾਊਨ ਨੇ ਜੰਗਲਾਂ ’ਚ ਅੱਗ ਨੂੰ ਲੈ ਕੇ ਐਮਰਜੈਂਸੀ ਸਥਿਤੀ ਜਾਰੀ ਕਰ ਦਿੱਤੀ ਹੈ। ਪੋਰਟਲੈਂਡ ਦੇ ਫ਼ਾਇਰ ਬਿਗੇਡ ਵਿਭਾਗ ਨੇ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਆਤਿਸ਼ਬਾਜ਼ੀ ਕਰਨ ਤੇ ਰੋਕ ਲਗਾ ਦਿਤੀ ਹੈ। ਇਸ ਤੋਂ ਇਲਾਵਾ ਗ਼ਰਮੀ ਦਾ ਸਾਹਮਣਾ ਕਰ ਰਹੇ ਅਮਰੀਕਾ ਤੇ ਕੈਨੇਡਾ ’ਚ ਏਅਰ ਕੰਡੀਸ਼ਨਰ ਤੇ ਪੱਖੇ ਦੇ ਬਿਨਾਂ ਘਰਾਂ ’ਚ ਕਈ ਲੋਕ ਮ੍ਰਿਤਕ ਪਾਏ ਗਏ ਤੇ ਇਨ੍ਹਾਂ ’ਚ ਕੁਝ 97 ਸਾਲ ਦੀ ਉਮਰ ਦੇ ਬਜ਼ੁਰਗ ਵੀ ਸ਼ਾਮਲ ਹੈ। ਮੌਸਮ ਵਿਗਿਆਨੀਆਂ ਨੇ ਪ੍ਰਸ਼ਾਂਤ ਉਤਰ ਪਛਮੀ ਖੇਤਰ ਤੇ ਪਛਮੀ ਕੈਨੇਡਾ ’ਚ ਰਿਕਾਰਡ ਤੋੜ ਗ਼ਰਮੀ ਦੀ ਚਿਤਾਵਨੀ ਦਿਤੀ ਸੀ।

ਇਸ ਚਿਤਾਵਨੀ ਦੇ ਮਦੇਨਜ਼ਰ ਅਧਿਕਾਰੀਆਂ ਨੇ ਕੂਲਿੰਗ ਕੇਂਦਰ ਬਣਾਏ, ਬੇਘਰ ਲੋਕਾਂ ਨੂੰ ਪਾਣੀ ਦੀ ਵੰਡ ਕੀਤੀ ਤੇ ਕਈ ਹੋਰ ਕਦਮ ਚੁੱਕੇੇ। ਫਿਰ ਵੀ ਸ਼ੁਕਰਵਾਰ ਤੋਂ ਮੰਗਲਵਾਰ ਤਕ ਸੈਂਕੜੇ ਲੋਕਾਂ ਦੇ ਗਰਮੀ ਨਾਲ ਮਾਰੇ ਜਾਣ ਦਾ ਸ਼ੱਕ ਹੈ।  ਅਮਰੀਕਾ ’ਚ ਓਰੇਗਨ ਸੂਬੇ ਦੀ ਇਕ ਨਰਸਰੀ ’ਚ ਇਕ ਪ੍ਰਵਾਸੀ ਮਜ਼ਦੂਰ ਦਾ ਲਾਸ਼ ਮਿਲੀ ਹੈ। ਓਰੇਗਨ ਦੇ ਮੈਡੀਕਲ ਐਗਜ਼ਾਮੀਨਰ ਨੇ ਵੀਰਵਾਰ ਨੂੰ ਦੱਸਿਆ ਕਿ ਇਕੱਲੇ ਇਸ ਸੂਬੇ ’ਚ ਮ੍ਰਿਤਕਾਂ ਦੀ ਗਿਣਤੀ 79 ’ਤੇ ਪਹੁੰਚ ਗਈ ਹੈ ਤੇ ਜ਼ਿਆਦਾਤਰ ਮੌਤਾਂ ਮੁਲਟਨੋਮਾ ਕਾਊਂਟੀ ’ਚ ਹੋਈਆਂ ਹਨ।