ਇਟਲੀ ’ਚ ਤੀਜ ਮੇਲੇ ਮੌਕੇ ਮੁਟਿਆਰਾਂ ਦੁਆਰਾ ਨੱਚ ਨੱਚ ਪਾਈ ਧਮਾਲ
ਮੁਟਿਆਰਾਂ ਵਲੋਂ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ
ਮਿਲਾਨ (ਦਲਜੀਤ ਮੱਕੜ) ਪੰਜਾਬੀ ਸੱਭਿਆਚਾਰ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਅਤੇ ਰੀਝਾਂ ਨਾਲ ਪੰਜਾਬਣ ਮੁਟਿਆਰਾਂ ਵਲੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਤੀਆਂ ਮਨਾਉਂਦੀਆਂ ਹਨ। ਜਿੱਥੇ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦੀਆਂ ਖੂਬ ਰੌਣਕਾਂ ਲੱਗਦੀਆਂ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਪੰਜਾਬਣ ਮੁਟਿਆਰਾਂ ਵੱਲੋਂ ਬੜੀ ਧੂਮਧਾਮ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ।ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਬੋਰਗੋ ਸੰਨ ਯਾਕਮੋ ਦੇ ਰੈਂਸਟੋਰੈਂਟ ਵਿਖੇ ਇਲਾਕੇ ਦੀਆਂ ਪੰਜਾਬਣ ਮੁਟਿਆਰਾਂ ਵਲੋਂ ਇੱਕਠੀਆਂ ਹੋ ਕੇ, ਵਿਦੇਸ਼ ’ਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਤੀਜ ਮੇਲਾ ਕਰਵਾਇਆ ਗਿਆ।
ਮੁਟਿਆਰਾਂ ਵਲੋਂ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ।ਮੁਟਿਆਰਾਂ ਦੁਆਂਰਾ ਬੋਲੀਆਂ ਪਾਕੇ ਤੀਜ ਮੇਲੇ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ।ਬਾਅਦ ਵਿੱਚ ਵੱਖ ਵੱਖ ਗੀਤਾਂ ਤੇ ਖੂਬ ਡਾਂਸ ਕੀਤਾ। ਇਸ ਮੌਕੇ ਭੰਗੜਾ, ਗਿੱਧਾ, ਬੋਲੀਆਂ ਅਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 8 ਤੋਂ 11ਸਾਲ ਦੀਆਂ ਬੱਚੀਆ,17 ਤੋਂ 21 ਸਾਲ ਅਤੇ 22 ਸਾਲ ਤੋਂ ਉੱਪਰ ਦੀਆ ਮੁਟਿਆਰਾ ਨੇ ਤਿੰਨ ਅਲੱਗ ਅਲੱਗ ਗਰੁੱਪਾਂ ਵਿੱਚ ਹਿੱਸਾ ਲਿਆ। ਇਹਨਾਂ ਮੁਕਾਬਲਿਆ ਵਿੱਚ ਜੈਤੂਆਂ ਨੂੰ ਸੋਨੇ ਅਤੇ ਚਾਂਦੀ ਦੇ ਗਹਿਣਿਆ ਨਾਲ ਨਿਵਾਜਿਆ। ਇਸ ਮੇਲੇ ਦੌਰਾਨ ਸਟੇਜ ਦੀ ਜਿੰਮੇਵਾਰੀ ਰਾਜ ਕੌਰ ਨੇ ਨਿਭਾਈ।