ਸਿੰਗਾਪੁਰ 'ਚ ਸਭ ਤੋਂ ਪੁਰਾਣੇ ਹਿੰਦੂ ਮੰਦਰ ਦਾ ਪੁਜਾਰੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੇ ਮੁਖ ਪੁਜਾਰੀ ਨੂੰ 'ਅਪਰਾਧਿਕ ਧੋਖੇਬਾਜ਼ੀ' ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

Photo

ਸਿੰਗਾਪੁਰ, 2 ਅਗੱਸਤ : ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੇ ਮੁਖ ਪੁਜਾਰੀ ਨੂੰ 'ਅਪਰਾਧਿਕ ਧੋਖੇਬਾਜ਼ੀ' ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਮੰਦਰ ਵਲੋਂ ਸਨਿਚਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਮਰਿਯਾਮੰਮਾਨ ਮੰਦਰ ਵਲੋਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿਉਂਕਿ ਪੁਜਾਰੀ ਦੀ ਨਿਗਰਾਨੀ ਵਿਚ ਰੱਖੇ ਗਏ ਸੋਨੇ ਦੇ ਕੁਝ ਗਹਿਣੇ ਗਾਇਬ ਸਨ। ਚੈਨਲ ਨਿਊਜ਼ ਏਸ਼ੀਆ ਦੇ ਮੁਤਾਬਕ ਮੰਦਰ ਵਲੋਂ ਕਿਹਾ ਗਿਆ ਸੀ ਕਿ ਗਹਿਣੇ ਗਾਇਬ ਹੋਣ ਦੀ ਜਾਣਕਾਰੀ ਲੇਖਾ ਜਾਂਚ ਦੌਰਾਨ ਮਿਲੀ।

ਬਿਆਨ ਵਿਚ ਪੁਜਾਰੀ ਦੇ ਨਾਂ ਦਾ ਜ਼ਿਕਰ ਨਹੀਂ ਹੈ। ਇਸ ਵਿਚ ਕਿਹਾ ਗਿਆ, ''ਪ੍ਰਾਰਥਨਾਵਾਂ ਦੇ ਦੌਰਾਨ ਜਿਹੜੇ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਨੂੰ ਮੰਦਰ ਦੇ ਗਰਭਗ੍ਰਹਿ ਵਿਚ ਮੁਖ ਪੁਜਾਰੀ ਦੀ ਨਿਗਰਾਨੀ ਵਿਚ ਰਖਿਆ ਗਿਆ ਸੀ। ਇਸ ਬਾਰੇ ਵਿਚ ਜਦੋਂ ਪੁਜਾਰੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਨੇ ਗਾਇਬ ਕੀਤੇ ਸਾਰੇ ਗਹਿਣੇ ਬਾਅਦ ਵਿਚ ਵਾਪਸ ਕਰ ਦਿਤੇ।'' ਪੁਲਿਸ ਨੇ ਦਸਿਆ ਕਿ 36 ਸਾਲਾ ਪੁਜਾਰੀ ਨੂੰ ਅਪਰਾਧਿਕ ਧੋਖੇਬਾਜ਼ੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਦਰ ਵਲੋਂ ਕਿਹਾ ਗਿਆ ਕਿ ਮੁਖ ਪੁਜਾਰੀ ਹਾਲੇ ਜ਼ਮਾਨਤ 'ਤੇ ਹੈ। ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। (ਪੀਟੀਆਈ)