ਅਫਗਾਨਿਸਤਾਨ 'ਚ ਵਿਦੇਸ਼ੀ ਕਰੰਸੀ ਦੀ ਵਰਤੋਂ 'ਤੇ ਲੱਗੀ ਪੂਰਨ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਕਮ ਨਾ ਮੰਨਣ ਤੇ ਮਿਲੇਗੀ ਸਖ਼ਤ ਸਜ਼ਾ

Afghanistan currency

 

ਕਾਬੁਲ : ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਫਗਾਨਿਸਤਾਨ ਦੀ ਆਰਥਿਕ ਸਥਿਤੀ ਵਿਗੜ ਗਈ ਹੈ। ਇੱਥੋਂ ਦੇ ਬੈਂਕਾਂ ਨੂੰ ਨਕਦੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਗਾਨ ਮੁਦਰਾ ਤੇਜ਼ੀ ਨਾਲ ਘਟ ਰਹੀ ਹੈ। ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ, ਉਹ ਭੁੱਖਮਰੀ ਨਾਲ ਜੂਝ ਰਹੇ ਹਨ। ਅਜਿਹੇ 'ਚ ਤਾਲਿਬਾਨ ਸਰਕਾਰ ਨੇ ਇਕ ਹੋਰ ਅਜਿਹਾ ਫੈਸਲਾ ਦਿੱਤਾ ਹੈ, ਜਿਸ ਨਾਲ ਅਫਗਾਨਾਂ ਦੇ ਸਾਹਮਣੇ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ।

 

 

 

ਦਰਅਸਲ, ਤਾਲਿਬਾਨ ਨੇ ਹੁਕਮ ਦਿੱਤਾ ਹੈ ਕਿ ਅਫਗਾਨ ਨਾਗਰਿਕ ਦੇਸ਼ ਦੇ ਅੰਦਰ ਕਿਸੇ ਵੀ ਲੈਣ-ਦੇਣ ਲਈ ਸਿਰਫ ਅਤੇ ਸਿਰਫ ਅਫਗਾਨ ਮੁਦਰਾ ਦੀ ਵਰਤੋਂ ਕਰਨਗੇ। ਇਸ ਹੁਕਮ ਤੋਂ ਬਾਅਦ ਦੇਸ਼ ਅੰਦਰ ਇਕ ਹੋਰ ਨਵਾਂ ਆਰਥਿਕ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ।

 

 

ਤਾਲਿਬਾਨ ਨੇ ਹੁਕਮ ਕਿਉਂ ਕੀਤਾ ਜਾਰੀ?
ਅਫਗਾਨਿਸਤਾਨ ਦੇ ਅੰਦਰ ਕਈ ਥਾਵਾਂ 'ਤੇ ਲੈਣ-ਦੇਣ ਅਮਰੀਕੀ ਡਾਲਰਾਂ ਰਾਹੀਂ ਹੁੰਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਪਾਕਿਸਤਾਨੀ ਕਰੰਸੀ ਯਾਨੀ ਪਾਕ ਰੁਪਏ ਦੀ ਵਰਤੋਂ ਕੀਤੀ ਜਾਂਦੀ ਹੈ। ਤਾਲਿਬਾਨ ਨੇ ਇਸ ਵਿਦੇਸ਼ੀ ਕਰੰਸੀ ਦੇ ਲੈਣ-ਦੇਣ 'ਤੇ ਪਾਬੰਦੀ ਲਗਾਉਣ ਲਈ ਇਹ ਨਵਾਂ ਹੁਕਮ ਪਾਸ ਕੀਤਾ ਹੈ। ਇਸ ਦੇ ਤਹਿਤ ਅਫਗਾਨੀਆਂ ਨੂੰ ਸਿਰਫ ਅਫਗਾਨ ਕਰੰਸੀ ਦੀ ਵਰਤੋਂ ਕਰਨੀ ਪਵੇਗੀ।

 

 

ਤਾਲਿਬਾਨ ਸਰਕਾਰ ਨੇ ਕਿਹਾ ਹੈ ਕਿ ਰਾਸ਼ਟਰੀ ਹਿੱਤ ਵਿਚ ਆਮ ਨਾਗਰਿਕ, ਵਪਾਰੀ, ਛੋਟੇ ਦੁਕਾਨਦਾਰ ਅਫਗਾਨ ਕਰੰਸੀ ਦੀ ਵਰਤੋਂ ਘਰੇਲੂ ਵਪਾਰ ਲਈ ਹੀ ਕਰਨਗੇ। ਅਜਿਹਾ ਨਾ ਕਰਨ 'ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਸਖ਼ਤ ਸਜ਼ਾ ਵੀ ਦਿੱਤੀ ਜਾਵੇਗੀ।