ਆਸਟ੍ਰੇਲੀਆ ਪੁਲਿਸ ਨੇ ਪੰਜਾਬੀ ’ਤੇ ਰੱਖਿਆ 5 ਕਰੋੜ ਦਾ ਇਨਾਮ, ਗੋਰੀ ਦੇ ਕਤਲ ਮਾਮਲੇ ’ਚ ਸ਼ੱਕੀ ਹੈ ਰਾਜਵਿੰਦਰ ਸਿੰਘ

ਏਜੰਸੀ  | Amanjot Singh

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਅਨ ਪੁਲਿਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਮੁਲਜ਼ਮ ਨੂੰ ਫੜਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

1 million dollar reward offered in hunt for prime suspect in murder of Toyah Cordingley

 

ਸਿਡਨੀ: ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ 2018 ਵਿਚ ਹੋਏ ਟੋਆ ਕੋਰਡਿੰਗਲੇ ਕਤਲ ਦੇ ਇਕ ਸ਼ੱਕੀ ਰਾਜਵਿੰਦਰ ਸਿੰਘ 'ਤੇ 1 ਮਿਲੀਅਨ ਡਾਲਰ (5,27,15,062 ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਆਸਟ੍ਰੇਲੀਅਨ ਪੁਲਿਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਮੁਲਜ਼ਮ ਨੂੰ ਫੜਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 24 ਸਾਲਾ ਟੋਆ 21 ਅਕਤੂਬਰ 2018 ਨੂੰ ਲਾਪਤਾ ਹੋ ਗਈ ਸੀ, ਜਦੋਂ ਉਹ ਆਪਣੇ ਪਾਲਤੂ ਕੁੱਤੇ ਨੂੰ ਸੈਰ ਲਈ ਲੈ ਗਈ ਸੀ।

ਅਗਲੀ ਸਵੇਰ ਉਸ ਦੇ ਪਿਤਾ ਨੂੰ ਉਸ ਦੀ ਲਾਸ਼ ਕੈਰਨਜ਼ ਤੋਂ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ 'ਤੇ ਮਿਲੀ। ਸ਼ੱਕੀ ਮੁਲਜ਼ਮ ਰਾਜਵਿੰਦਰ ਸਿੰਘ 'ਤੇ ਐਲਾਨਿਆ ਗਿਆ ਇਨਾਮ ਕੁਈਨਜ਼ਲੈਂਡ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ ਹੈ। ਪੁਲਿਸ ਨੂੰ ਉਮੀਦ ਹੈ ਕਿ ਇੰਨਾ ਵੱਡਾ ਇਨਾਮ ਰੱਖਣ ਕਾਰਨ ਉਹ 38 ਸਾਲਾ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਲੱਭਣ ਵਿਚ ਸਫ਼ਲਤਾ ਹਾਸਲ ਕਰ ਲਵੇਗੀ। ਰਾਜਵਿੰਦਰ ਸਿੰਘ ਉੱਥੇ ਮੇਲ ਨਰਸ ਦਾ ਕੰਮ ਕਰਦਾ ਸੀ। ਉਸ ਨੇ ਕਥਿਤ ਤੌਰ 'ਤੇ ਟੋਆ ਨੂੰ ਅਗਵਾ ਕਰਕੇ ਬੀਚ 'ਤੇ ਲਿਜਾਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ।

Tweet

ਮੀਡੀਆ ਰਿਪੋਰਟਾਂ ਮੁਤਾਬਕ ਰਾਜਵਿੰਦਰ ਸਿੰਘ ਨੂੰ ਆਖਰੀ ਵਾਰ ਭਾਰਤ 'ਚ ਦੇਖਿਆ ਗਿਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਕਤਲ ਤੋਂ ਦੋ ਦਿਨ ਬਾਅਦ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਆਸਟ੍ਰੇਲੀਆ ਤੋਂ ਭੱਜ ਗਿਆ ਸੀ। ਪੁਲਿਸ ਨੇ ਪਹਿਲੀ ਵਾਰ 23 ਅਕਤੂਬਰ 2018 ਨੂੰ ਰਾਜਵਿੰਦਰ ਸਿੰਘ ਦੇ ਆਸਟ੍ਰੇਲੀਆ ਛੱਡਣ ਸਮੇਂ ਲਈਆਂ ਗਈਆਂ ਤਸਵੀਰਾਂ ਜਾਰੀ ਕੀਤੀਆਂ ਹਨ। ਮੁਲਜ਼ਮ ਭਾਰਤ ਭੱਜਣ ਤੋਂ ਪਹਿਲਾਂ ਸਿਡਨੀ ਚਲਾ ਗਿਆ ਸੀ। ਸਿਡਨੀ ਏਅਰਪੋਰਟ ਦੇ ਸੀਸੀਟੀਵੀ ਫੁਟੇਜ ਵਿਚ ਉਹ ਦੋ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਵਿਚ ਨਜ਼ਰ ਆ ਰਿਹਾ ਸੀ।

ਰਾਜਵਿੰਦਰ ਸਿੰਘ ਮੂਲ ਰੂਪ ਵਿਚ ਬੁੱਟਰ ਕਲਾਂ, ਪੰਜਾਬ ਦਾ ਰਹਿਣ ਵਾਲਾ ਹੈ। ਪੁਲਿਸ ਦੇ ਡਿਟੈਕਟਿਵ ਸੈੱਲ ਦੀ ਮੁਖੀ ਸੋਨੀਆ ਸਮਿਥ ਨੇ ਕਿਹਾ ਕਿ ਇਹ ਇਨਾਮ ਵਿਲੱਖਣ ਅਤੇ ਸਭ ਤੋਂ ਵੱਡਾ ਹੈ। ਮੁਲਜ਼ਮ ਦੇ ਭਾਰਤ ਭੱਜਣ ਦੀ ਪੁਸ਼ਟੀ ਹੋ ​​ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਵਿਸ਼ੇਸ਼ ਜਾਂਚ ਸੈੱਲ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਅਧਿਕਾਰੀ ਭਾਰਤ ਵਿਚ ਕਿਸੇ ਵੀ ਵਿਅਕਤੀ ਤੋਂ ਜਾਣਕਾਰੀ ਹਾਸਲ ਕਰ ਸਕਣਗੇ। ਮੁਲਜ਼ਮ ਦਾ ਪਤਾ ਵਟਸਐਪ ਰਾਹੀਂ ਵੀ ਦਿੱਤਾ ਜਾ ਸਕਦਾ ਹੈ। ਪੁਲਿਸ ਮੰਤਰੀ ਮਾਰਕ ਰਿਆਨ ਨੇ ਕਿਹਾ ਕਿ ਰਾਜਵਿੰਦਰ ਸਿੰਘ 'ਤੇ ਬਹੁਤ ਹੀ ਘਿਨਾਉਣੇ ਅਪਰਾਧ ਦਾ ਦੋਸ਼ ਹੈ। ਇਕ ਅਜਿਹਾ ਅਪਰਾਧ ਜਿਸ ਨੇ ਇਕ ਪਰਿਵਾਰ ਨੂੰ ਤੋੜ ਦਿੱਤਾ ਹੈ।