ਗੁਗਲੀ ਦੀ ਟਿਪਣੀ 'ਤੇ ਕੁਰੈਸ਼ੀ ਦਾ ਸੁਸ਼ਮਾ ਸਵਰਾਜ ਨੂੰ ਜਵਾਬ
ਕਰਤਾਰਪੁਰ ਲਾਂਘੇ 'ਤੇ ਸਿਆਸਤ ਲਗਾਤਾਰ ਜਾਰੀ ਹੈ ਅਤੇ ਇਹ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਹੁਣ ਤਾਂ ਇਸ ਸਿਆਸਤ ਦੀ ਤਪਸ਼ ਪੰਜਾਬ ਦੇ ਨਾਲ ਕੋਮਾਂਤਰੀ...
ਇਸਲਾਮਾਬਾਦ (ਭਾਸ਼ਾ): ਕਰਤਾਰਪੁਰ ਲਾਂਘੇ 'ਤੇ ਸਿਆਸਤ ਲਗਾਤਾਰ ਜਾਰੀ ਹੈ ਅਤੇ ਇਹ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਹੁਣ ਤਾਂ ਇਸ ਸਿਆਸਤ ਦੀ ਤਪਸ਼ ਪੰਜਾਬ ਦੇ ਨਾਲ ਕੋਮਾਂਤਰੀ ਪੱਧਰ ਤੇ ਵੀ ਪਹੁੰਚ ਗਈ ਹੈ। ਇਸੇ ਸਿਆਸਤ ਦੇ ਚਲਦਿਆਂ ਪਾਰਟੀਆਂ ਇੱਕ-ਦੂਜੇ 'ਤੇ ਨਿਸ਼ਾਨੇ ਸਾਧ ਰਹੀਆਂ ਹਨ। ਇਸ ਬਾਰੇ ਤਾਜ਼ਾ ਬਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਆਇਆ ਹੈ।
ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ 'ਸਿੱਖ ਭਾਵਨਾਵਾਂ' ਨਾਲ ਖਲਵਾੜ ਵਾਲੇ ਬਿਆਨ 'ਤੇ ਜਵਾਬ ਦਿਤਾ ਹੈ। ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੀ ਵਿਵਾਦਤ 'ਗੁਗਲੀ' ਟਿੱਪਣੀ ਬਾਰੇ ਕਿਹਾ ਕਿ ਇਸ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਹੈ। ਕੁਰੈਸ਼ੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਲਈ ਰੱਖੇ ਨੀਂਹ ਪੱਥਰ ਸਮਾਗਮ ਦੌਰਾਨ ਭਾਰਤ ਸਰਕਾਰ ਦੀ ਮੌਜੂਦਗੀ ਯਕੀਨੀ ਬਣਾਉਣ ਲਈ 'ਗੁਗਲੀ' ਸੁੱਟੀ ਸੀ ਜਿਸ ਵਿੱਚ ਭਾਰਤ ਫਸ
ਗਿਆ।ਇਸੇ ਕਰਕੇ ਉਨ੍ਹਾਂ ਨੂੰ ਅਪਣੇ ਮੰਤਰੀ ਪਾਕਿਸਤਾਨ ਭੇਜਣੇ ਪਏ। ਦੱਸ ਦਈਏ ਕਿ ਕੁਰੈਸ਼ੀ ਵੱਲੋਂ ਕੀਤੀਆਂ ਟਿੱਪਣੀਆਂ ਦੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜ਼ੋਰਦਾਰ ਨਿਖੇਧੀ ਕੀਤੀ ਸੀ ਜਿਸ ਦੇ ਚਲਦਿਆਂ ਉਨ੍ਹਾਂ ਅਪਣੇ ਪਾਕਿਸਤਾਨੀ ਹਮਰੁਤਬਾ ਤੇ ਵਰ੍ਹਦਿਆਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿਤੀ ਗਈ ਹੈ ਤੇ ਪਾਕਿਸਤਾਨ ਨੂੰ ਸਿੱਖ ਭਾਵਨਾਵਾਂ ਪ੍ਰਤੀ ਕੋਈ ਸਤਿਕਾਰ ਨਹੀਂ।
ਇਸ ਮਗਰੋਂ ਕੁਰੈਸ਼ੀ ਨੇ ਟਵਿੱਟਰ 'ਤੇ ਇਸ ਨਿਖੇਧੀ ਪ੍ਰਤੀ ਅਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਮੇਰੀਆਂ ਟਿੱਪਣੀਆਂ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਇਨ੍ਹਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੇ ਗੁਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਮੈਂ ਜੋ ਵੀ ਕਿਹਾ ਉਸ ਦਾ ਸਬੰਧ ਸਿਰਫ ਭਾਰਤ ਸਰਕਾਰ ਨਾਲ ਦੁਵੱਲੀ ਗੱਲਬਾਤ ਨਾਲ ਸੀ।
ਅਸੀਂ ਸਿੱਖ ਭਾਵਨਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਤੇ ਕਿਸੇ ਵੀ ਢੰਗ ਨਾਲ ਇਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਜਾਂ ਵਿਵਾਦ ਪੈਦਾ ਕਰਨ ਨਾਲ ਬਦਲਿਆ ਨਹੀਂ ਜਾ ਸਕਦਾ।' ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਮੰਤਵ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਤੀ ਸਤਿਕਾਰ ਸੀ। ਉਨ੍ਹਾਂ ਟਵੀਟ ਕੀਤਾ ਕਿ ਸਾਡੇ ਸਿੱਖ ਭਰਾਵਾਂ ਦੀਆਂ ਇੱਛਾਵਾਂ ਪ੍ਰਤੀ ਸਤਿਕਾਰ ਵਜੋਂ ਅਸੀਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਸੀ।
ਅਸੀਂ ਨੇਕ ਭਾਵਨਾ ਨਾਲ ਇਹ ਇਤਿਹਾਸਕ ਕਦਮ ਚੁੱਕਿਆ ਸੀ ਤੇ ਅਸੀਂ ਇਸ ਨੂੰ ਚੰਗੀ ਭਾਵਨਾ ਨਾਲ ਅੱਗੇ ਲਿਜਾਵਾਂਗੇ।