ਵਲਾਦੀਮੀਰ ਪੁਤੀਨ ਨੇ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਘੋਸ਼ਿਤ ਕਰਨ ਵਾਲੇ ਕਾਨੂੰਨ ਤੇ ਕੀਤੇ ਦਸਤਖ਼ਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਲੋਚਕਾਂ ਨੇ ਇਸ ਕਦਮ ਨੂੰ ਦੱਸਿਆ ਹੈ ਮੀਡੀਆ ਦੀ ਅਜ਼ਾਦੀ ਦਾ ਉਲੱਘਣ

file photo

ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਇਕ ਵਿਵਾਦਤ ਕਾਨੂੰਨ ਉੱਤੇ ਦਸਤਖ਼ਤ ਕੀਤੇ ਹਨ ਜਿਸਦੇ ਅਧੀਨ ਸੁਤੰਤਰ ਪੱਤਰਕਾਰਾਂ ਅਤੇ ਬਲੌਗਰਜ਼ ਨੂੰ ਵਿਦੇਸ਼ੀ ਏਜੰਟ ਘੋਸ਼ਿਤ ਕੀਤਾ ਜਾ ਸਕਦਾ ਹੈ। ਆਲੋਚਕਾਂ ਨੇ ਇਸ ਕਦਮ ਨੂੰ ਮੀਡੀਆ ਦੀ ਅਜ਼ਾਦੀ ਦਾ ਉਲੱਘਣ ਦੱਸਿਆ ਹੈ। ਰੂਸ ਦੇ ਇਸ ਕਾਨੂੰਨ ਵਿਚ ਅਧਿਕਾਰੀਆਂ ਨੂੰ ਬ੍ਰਾਂਡ ਮੀਡੀਆ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਵਿਦੇਸ਼ੀ ਏਜੰਟ ਘੋਸ਼ਿਤ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ। ਰੂਸੀ ਸਰਕਾਰ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇਕ ਦਸਤਾਵੇਜ ਦੇ ਅਨੁਸਾਰ ਇਹ ਨਵਾਂ ਕਾਨੂੰਨ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ।

ਵਿਦੇਸ਼ੀ ਏਜੰਟ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਰਾਜਨੀਤੀ ਵਿਚ ਸ਼ਾਮਲ ਹੁੰਦੇ ਹਨ ਅਤੇ ਵਿਦੇਸ਼ੀ ਧਨ ਪ੍ਰਾਪਤ ਕਰਦੇ ਹਨ। ਇਹ ਸਾਬਤ ਹੋਣ 'ਤੇ ਇਨ੍ਹਾਂ ਨੂੰ ਇਕ ਵੇਰਵਾ ਦਸਤਾਵੇਜ਼ ਸੌਪਨਾ ਹੋਵੇਗਾ ਅਤੇ ਜ਼ੁਰਮਾਨਾਂ ਭਰਨਾ ਹੋਵੇਗਾ।

ਅਮਨੇਸਟੀ ਇੰਟਰਨੈਸ਼ਨਲ ਅਤੇ ਰਿਪੋਰਟਸ ਵਿਦਆਊਟ ਬਾਡਰਸ ਸਮੇਤ ਨੌ ਮਨੁੱਖੀ ਅਧਿਕਾਰ ਐਨਜੀਓ ਨੇ ਚਿੰਤਾ ਜਤਾਈ ਹੈ ਕਿ ਕਾਨੂੰਨ ਨਾ ਕੇਵਲ ਪੱਤਰਕਾਰਾਂ ਤੱਕ ਸੀਮਤ ਹੈ ਬਲਕਿ ਬਲੌਗਰਜ਼ ਅਤੇ ਇੰਟਰਨੈੱਟ ਖ਼ਪਤਕਾਰਾਂ ਤੇ ਵੀ ਲਾਗੂ ਹੋਵੇਗਾ ਜਿਹੜੇ ਵੱਖ-ਵੱਖ ਮੀਡੀਆ ਅਦਾਰਿਆਂ ਤੋਂ ਵਜ਼ੀਫੇ, ਫੰਡਿਗ ਜਾਂ ਮਾਲੀਆ ਪ੍ਰਾਪਤ ਕਰਦੇ ਹਨ।

ਰੂਸ ਨੇ ਕਿਹਾ ਕਿ ਉਹ ਇਸ ਕਰਕੇ ਇਹ ਕਾਨੂੰਨ ਚਾਹੁੰਦਾ ਸੀ ਕਿ ਜੇਕਰ ਪੱਛਮੀ ਦੇਸ਼ਾਂ ਵਿਚ ਉਸਦੇ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਦੱਸਿਆ ਜਾਂਦਾ ਹੈ ਤਾਂ ਉਹ ਵੀ ਜੈਸੇ ਨੂੰ ਤੈਸਾ ਕਰ ਸਕਦੇ ਹਨ। ਰੂਸ ਨੇ ਪਹਿਲੀ ਵਾਰ 2017 ਵਿਚ ਇਹ ਕਾਨੂੰਨ ਪਾਸ ਕੀਤਾ ਸੀ ਜਦੋਂ ਕ੍ਰੈਮਲਿਨ ਦੇ ਫੰਡ ਵਾਲੇ ਆਰਟ ਟੈਲੀਵਿਜ਼ਨ ਨੂੰ ਅਮਰੀਕਾ ਨੇ ਵਿਦੇਸ਼ ਏਜੰਟ ਕਰਾਰ ਦਿੱਤਾ ਸੀ।