ਜਾਣੋ ਕੀ ਹਨ ਨਨਕਾਣਾ ਸਾਹਿਬ ਦੇ ਤਾਜ਼ਾ ਹਾਲਾਤ, ਪੜ੍ਹੋ ਪੂਰੀ ਖ਼ਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ।
ਲਾਹੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਅਤੇ ਸਿੱਖਾਂ ਦੇ ਪਵਿੱਤਰ ਅਸਥਾਨ ‘ਤੇ ਬੀਤੇ ਦਿਨੀਂ ਹੋਈ ਪੱਖਰਬਾਜ਼ੀ ਅਤੇ ਸਿੱਖਾਂ ਦੇ ਘਰਾਂ ‘ਤੇ ਹੋਏ ਹਮਲੇ ਤੋਂ ਬਾਅਦ ਸਿਰਫ ਪਾਕਿਸਤਾਨ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਨਨਕਾਣਾ ਸਾਹਿਬ ਵਿਚ ਵਾਪਰੀ ਇਸ ਘਟਨਾ ਤੋਂ ਬਾਅਨ ਸ਼ਨੀਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਲੋਕਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਕਮੇਟੀ ਪ੍ਰਧਾਨ ਸਿਰਸਾ ਨੇ ਇਕ ਮੰਗ ਪੱਤਰ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੌਂਪਿਆ ਹੈ। ਮਨਜਿੰਦਰ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿਚ ਜੋ ਵੀ ਵਾਪਰਿਆ ਉਹ ਬੇਹੱਦ ਨਿੰਦਣਯੋਗ ਹੈ ਤੇ ਪਾਕਿ ਪੀਐਮ ਦਾ ਮੂੰਹ ਬੰਦ ਰੱਖਣਾ ਵੀ ਨਿੰਦਣਯੋਗ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ। ਇਸ ਹਮਲੇ ਤੋਂ ਬਾਅਦ ਗੁਰਦੁਆਰੇ ਦਾ ਜਾਇਜ਼ਾ ਲੈਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰਾਂ ਦਾ ਵਫਦ ਨਨਕਾਣਾ ਸਾਹਿਬ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਨਕਾਣਾ ਸਾਹਿਬ ਦੇ ਸਥਾਨਕ ਨਿਵਾਸੀ ਨੇ ਦੱਸਿਆ ਕਿ ਸਥਾਨਕ ਸਿੱਖ ਅਬਾਦੀ ਵੱਲੋਂ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਸਬੰਧੀ ਬੈਠਕ ਕੀਤੀ ਜਾ ਰਹੀ ਹੈ।
ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਜਨਮ ਸਥਾਨ 'ਤੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਧਾਰਾ 295-ਸੀ ਦੇ ਤਹਿਤ ਈਸ਼ ਨਿੰਦਾ ਦਾ ਮੁਕੱਦਮਾ ਦਰਜ ਕੀਤਾ ਜਾਵੇ। ਦੱਸ ਦਈਏ ਕਿ ਇਹ ਸਾਰਾ ਮਾਮਲਾ ਇਕ ਸਿੱਖ ਲੜਕੀ ਜਗਜੀਤ ਕੌਰ ਪੁੱਤਰੀ ਗਿਆਨੀ ਭਗਵਾਨ ਸਿੰਘ ਵਲੋ ਇਸਲਾਮ ਕਬੂਲ ਕਰਨ ਤੋ ਬਾਅਦ ਪੈਦਾ ਹੋਇਆ ਹੈ।
ਜਗਜੀਤ ਕੌਰ ਦਾ ਨਿਕਾਹ ਮੁਹੰਮਦ ਅਹਿਸਨ ਨਾਲ ਹੋਇਆ ਸੀ ਜਿਸ ਤੋ ਬਾਅਦ ਨਨਕਾਣਾ ਸਾਹਿਬ ਸਮੇਤ ਪੂਰੇ ਪਾਕਿਸਤਾਨ ਵਿਚ ਸਿੱਖਾਂ ਨੇ ਇਸ ਜਬਰੀ ਧਰਮ ਪਰਵਰਤਨ ਅਤੇ ਨਿਕਾਹ ਦੀ ਵਿਰੋਧਤਾ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਭੜਕੇ ਹੋਏ ਲੋਕ ਸਿੱਖ ਭਾਈਚਾਰੇ ਨੂੰ ਧਮਕੀਆਂ ਦਿੰਦੇ ਦਿਖਾਈ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਸਰਕਾਰ ਨੂੰ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਰੱਖਣ ਲਈ ਮਜ਼ਬੂਰ ਕਰਨਗੇ।
ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘਟਨਾ ‘ਤੇ ਅਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ ਹੈ, "ਪਾਕਿਸਤਾਨ ਵਿੱਚ ਘੱਟ-ਗਿਣਤੀਆਂ 'ਤੇ ਅੱਤਿਆਚਾਰ ਸਚਾਈ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਅੱਜ ਦੇ ਹਮਲੇ ਨੇ ਇਸ ਦਾ ਭਿਆਨਕ ਚਿਹਰਾ ਦਿਖਾਇਆ ਹੈ।"
"ਮੈਂ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜਿਹੀਆਂ ਘੱਟ ਗਿਣਤੀਆਂ ਨੂੰ ਹੱਕ ਦੇਣ ਦੇ ਇਨਸਾਨੀਅਤ ਵਾਲੇ ਕਦਮ ਦਾ ਕਿਵੇਂ ਵਿਰੋਧ ਕਰ ਸਕਦੇ ਹਨ!" ਇਸੇ ਤਰ੍ਹਾਂ ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਇਸ ਘਟਨਾ ਦੇ ਖਿਲਾਫ ਬਿਆਨ ਸਾਹਮਣੇ ਆ ਰਹੇ ਹਨ।