8 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
2019 ‘ਚ ਨੌਜਵਾਨ ਦਾ ਹੋਇਆ ਸੀ ਵਿਆਹ
ਸਰੀ: ਜਿੱਥੇ ਨਵਾਂ ਸਾਲ ਲੋਕਾਂ ਲਈ ਖੁਸ਼ੀਆਂ ਲੈ ਕੇ ਆਇਆ ਉਸ ਦੇ ਨਾਲ ਹੀ ਨਵਾਂ ਸਾਲ ਬਹੁਤ ਸਾਰੇ ਪਰਿਵਾਰਾਂ ਲਈ ਮੰਦਭਾਗੀਆਂ ਖਬਰਾਂ ਲੈ ਕੇ ਆ ਰਿਹਾ ਹੈ। ਮੁੱਲ੍ਹਾਂਪੁਰ ਦੇ ਨੌਜਵਾਨ ਸ਼ਮਸ਼ੇਰ ਸਿੰਘ ਗਿੱਲ ਉਰਫ ਸ਼ੈਰੀ ਗਿੱਲ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼ੈਰੀ ਅਜੇ 8 ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ। ਉਸ ਦਾ 2019 ਵਿੱਚ ਵਿਆਹ ਹੋਇਆ ਸੀ ਅਤੇ ਇੱਕ ਬੇਟਾ ਵੀ ਸੀ।
ਨੌਜਵਾਨ ਪੰਜਾਬ ਦੇ ਮੁੱਲਾਂਪੁਰ ਨਾਲ ਸਬਧੰਤ ਹੈ। ਸ਼ੈਰੀ ਦੇ ਪਿਤਾ ਨੇ ਇਸ ਬਾਰੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਉਹ ਨਵੇਂ ਸਾਲ ਦੀ ਸਵੇਰ ਦੁਕਾਨ ਖੋਲ੍ਹਣ ਆਏ ਤਾਂ ਉਹਨਾਂ ਨੂੰ ਇਹ ਮੰਦਭਾਗੀ ਖਬਰ ਪ੍ਰਾਪਤ ਹੋਈ ਕਿ ਸ਼ੈਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ੈਰੀ ਕੈਨੇਡਾ ਆਪਣੇ ਸਹੁਰਾ ਪਰਿਵਾਰ ਨਾਲ ਰਹਿੰਦਾ ਸੀ ਜਿੱਥੇ ਉਸ ਦੀ ਸੱਸ, ਸਹੁਰਾ, ਪਤਨੀ ਤੇ ਬੇਟਾ ਸਭ ਇਕੱਠੇ ਰਹਿੰਦੇ ਸਨ। ਜਿਵੇਂ ਹੀ ਇਹ ਖਬਰ ਪਿੰਡ ਪੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹਨਾਂ ਨੇ ਕਿਹਾ ਕਿ ਉਹ ਕੈਨੇਡੀਅਨ ਪ੍ਰਸ਼ਾਸਨ ਅਤੇ ਹਸਪਤਾਲ ਵਾਲ਼ਿਆਂ ਨਾਲ ਸੰਪਰਕ ਵਿੱਚ ਹਨ ਅਤੇ ਸ਼ੈਰੀ ਦੀ ਮ੍ਰਿਤਕ ਦੇਹ ਪਿੰਡ ਮੰਗਵਾਉਣ ਲਈ ਉਹਨਾਂ ਦੀ ਹਾਮੀ ਦੀ ਉਡੀਕ ਵਿੱਚ ਹਨ।
ਇੱਕ ਪਾਸੇ ਮਾਪਿਆਂ ਨੇ ਆਪਣੇ ਪੁੱਤ ਤਾਂ ਇੱਕ ਬੱਚੇ ਨੇ ਆਪਣਾ ਪਿਤਾ ਗਵਾ ਦਿੱਤਾ ਤਾਂ ਉਥੇ ਹੀ ਇਸ ਮੌਤ ਨੇ ਵਿਦੇੁਸ਼ਾਂ ਵਿੱਚ ਹੋਣ ਵਾਲੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਤੇ ਹੋਰ ਸਵਾਲ ਖੜੇ ਕਰ ਦਿੱਤੇ ਹਨ। ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 15 ਪੰਜਾਬੀ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ। ਕਿਤੇ ਸੜਕ ਹਾਦਸੇ ਦੇ ਚਲਦਿਆਂ ਤਾਂ ਕਿਤੇ ਹਾਰਟ ਅਟੈਕ ਦੇ ਕਾਰਨ।