ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਹਜ਼ਾਰਾਂ ਲੋਕ ਬੇਘਰ
ਆਸਟ੍ਰੇਲੀਆ ਵਿਚ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਕਾਰਨ ਨਦੀਆਂ ਦਾ ਪਾਣੀ ਸੜਕਾਂ 'ਤੇ ਆ ਗਿਆ.....
ਸਿਡਨੀ : ਆਸਟ੍ਰੇਲੀਆ ਵਿਚ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਕਾਰਨ ਨਦੀਆਂ ਦਾ ਪਾਣੀ ਸੜਕਾਂ 'ਤੇ ਆ ਗਿਆ। ਇਸ ਨਾਲ ਉੱਤਰੀ-ਪੂਰਬੀ ਹਿੱਸੇ ਵਿਚ ਹਜ਼ਾਰਾਂ ਲੋਕਾਂ ਨੂੰ ਅਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਤੱਕ ਹੋਰ ਮੀਂਹ ਪੈਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਆਸਟ੍ਰੇਲੀਆ ਦੇ ਉੱਤਰੀ ਹਿੱਸੇ ਵਿਚ ਮਾਨਸੂਨ ਦੇ ਸਮੇਂ ਭਾਰੀ ਮੀਂਹ ਪੈਂਦਾ ਹੈ ਪਰ ਹਾਲ ਹੀ ਵਿਚ ਪਿਆ ਮੀਂਹ ਸਧਾਰਨ ਪੱਧਰ ਤੋਂ ਕਿਤੇ ਜ਼ਿਆਦਾ ਹੈ। ਉੱਤਰੀ-ਪੂਰਬੀ ਕੁਈਨਜ਼ਲੈਂਡ ਦੇ ਟਾਊਨਸਵਿਲੇ ਸ਼ਹਿਰ ਵਿਚ ਹਜ਼ਾਰਾਂ ਵਸਨੀਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ ਅਤੇ ਜੇਕਰ ਮੀਂਹ ਜਾਰੀ ਰਿਹਾ
ਤਾਂ 20,000 ਤੋਂ ਵਧ ਘਰਾਂ ਦੇ ਪਾਣੀ ਵਿਚ ਡੁੱਬ ਜਾਣ ਦਾ ਖਤਰਾ ਹੈ। ਮਿਲਟਰੀ ਕਰਮਚਾਰੀ ਪ੍ਰਭਾਵਿਤ ਲੋਕਾਂ ਨੂੰ ਮਦਦ ਲਈ ਮਿੱਟੀ ਨਾਲ ਭਰੀਆਂ ਹਜ਼ਾਰਾਂ ਥੈਲੀਆਂ ਦੇ ਰਹੇ ਹਨ। ਕੁਈਨਜ਼ਲੈਂਡ ਦੀ ਪ੍ਰਮੁੱਖ ਨੇ ਸਨਿਚਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਇਹ ਮੂਲ ਰੂਪ ਨਾਲ 20 ਸਾਲ ਵਿਚ ਇਕ ਵਾਰ ਨਹੀਂ ਸਗੋਂ 100 ਸਾਲ ਵਿਚ ਇਕ ਵਾਰ ਹੋਣ ਵਾਲੀ ਘਟਨਾ ਹੈ।'' ਮੌਸਮ ਵਿਗਿਆਨ ਬਿਊਰੋ ਨੇ ਦਸਿਆ ਕਿ ਉੱਤਰੀ ਕੁਈਨਜ਼ਲੈਂਡ ਰਾਜ ਦੇ ਉੱਪਰ ਹੌਲੀ ਗਤੀ ਨਾਲ ਅੱਗੇ ਵੱਧ ਰਹੇ ਮਾਨਸੂਨ ਦਾ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ।
ਜਿਸ ਨਾਲ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿੰਨਾ ਇਕ ਸਾਲ ਵਿਚ ਨਹੀਂ ਪਿਆ। ਟਾਊਨਸਵਿਲੇ ਦੇ ਨਿਵਾਸੀ ਕ੍ਰਿਸ ਬਰੂਕਹਾਊਸ ਨੇ ਕਿਹਾ,''ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ।'' (ਪੀਟੀਆਈ)