ਹਿੰਦੂਤਵੀ ਕੱਟੜਪੁਣੇ ਨੇ ਭਾਰਤ-ਪਾਕਿ ਨੂੰ ਜੰਗ ਦੇ ਦਰਵਾਜ਼ੇ 'ਤੇ ਪਹੁੰਚਾਇਆ : ਵਰਲਡ ਸਿੱਖ ਪਾਰਲੀਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੱਖ ਫ਼ੌਜੀਆਂ ਨੂੰ ਪਾਕਿ ਵਿਰੁੱਧ ਟਕਰਾਅ ਤੋਂ ਦੂਰ ਰਹਿਣ ਦਾ ਸੱਦਾ ਦਿਤਾ

World Sikh Parliament

ਲੰਡਨ : ਹਿੰਦੂਤਵੀ ਕੱਟੜਪੁਣੇ ਕਾਰਨ ਹੀ ਦੱਖਣੀ ਏਸ਼ੀਆ ਵਿਚ ਮੌਜੂਦਾ ਸੰਕਟ ਪੈਦਾ ਹੋਇਆ ਜਿਸ ਦੇ ਸਿੱਟੇ ਵਜੋਂ ਪਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਜੰਗ ਦੇ ਦਰਵਾਜ਼ੇ 'ਤੇ ਪੁੱਜ ਗਏ। ਵਰਲਡ ਸਿੱਖ ਪਾਰਲੀਮੈਂਟ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰਾ ਘਟਨਾਕ੍ਰਮ ਭਾਰਤ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਸਨਮੁਖ ਵਾਪਰਿਆ। 

ਸਿੱਖ ਜਥੇਬੰਦੀ ਵਲੋਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਹੈ ਕਿ ਕਸ਼ਮੀਰ ਅਤੇ ਪੰਜਾਬ ਦੀਆਂ ਕੌਮਾਂਤਰੀ ਸਰਹੱਦਾਂ 'ਤੇ ਫ਼ੌਜੀ ਟਕਰਾਅ ਟਾਲਣ ਲਈ ਮਤਾ ਲਿਆਂਦਾ ਜਾਵੇ। 'ਦਾ ਨਿਊਜ਼' ਦੀ ਰਿਪੋਰਟ ਮੁਤਾਬਕ ਜਥੇਬੰਦੀ ਦੇ ਆਗੂ ਰਣਜੀਤ ਸਿੰਘ ਸਰਾਏ ਨੇ ਆਖਿਆ ਕਿ ਸੱਤਾਧਾਰੀ ਬੀਜੇਪੀ ਅਤੇ ਵਿਰੋਧੀ ਧਿਰ ਕਾਂਗਰਸ ਦੋਵੇਂ ਹੀ ਕਸ਼ਮੀਰੀ ਲੋਕਾਂ ਦੀ ਕੀਮਤ 'ਤੇ ਚੋਣਾਂ ਵਿਚ ਫ਼ਾਇਦਾ ਹਾਸਲ ਕਰਨ ਦੀ ਤਾਕ ਵਿਚ ਹਨ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਟਕਰਾਅ ਵਿਚ ਸਿੱਖ ਫ਼ੌਜੀਆਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵਰਲਡ ਸਿੱਖ ਪਾਰਲੀਮੈਂਟ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਪਰਮਾਣੂ ਜੰਗ ਦੀ ਸੂਰਤ ਵਿਚ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਵੇਗਾ ਅਤੇ ਸਿੱਖਾਂ ਦੀ ਵੱਡੀ ਆਬਾਦੀ ਇਸ ਜੰਗ ਦੀ ਭੇਟ ਚੜ੍ਹ ਜਾਵੇਗੀ।
ਵਰਲਡ ਸਿੱਖ ਪਾਰਲੀਮੈਂਟ ਨੇ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਪਾਕਿਸਤਾਨ ਨਾਲ ਹੋਣ ਵਾਲੇ ਕਿਸੇ ਵੀ ਟਕਰਾਅ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦੇਣ।