UNSC ਦੀ ਸੂਚੀ 'ਚ ਦਾਊਦ-ਹਾਫਿ਼ਜ਼ ਸਮੇਤ 139 ਪਾਕਿਸਤਾਨੀ ਅਤਿਵਾਦੀਆਂ ਦੇ ਨਾਮ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਤਿਵਾਦੀਆਂ ਅਤੇ ਅਤਿਵਾਦੀ ਸੰਗਠਨਾਂ ਦੀ ਸਾਂਝੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ 139 ਨਾਮ ਪਾਕਿਸਤਾਨ ਤੋਂ ਹਨ
ਵਾਸ਼ਿੰਗਟਨ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਤਿਵਾਦੀਆਂ ਅਤੇ ਅਤਿਵਾਦੀ ਸੰਗਠਨਾਂ ਦੀ ਸਾਂਝੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ 139 ਨਾਮ ਪਾਕਿਸਤਾਨ ਤੋਂ ਹਨ। ਇਸ ਨਵੀਂ ਸੂਚੀ ਵਿਚ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿ਼ਜ਼ ਸਈਦ ਅਤੇ ਭਾਰਤ ਵਿਚ ਕਈ ਮਾਮਲਿਆਂ ਨੂੰ ਲੈ ਕੇ ਲੋੜੀਂਦੇ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।
ਇਕ ਅਖ਼ਬਾਰ ਦੀ ਖ਼ਬਰ ਮੁਤਾਬਕ ਸੂਚੀ ਵਿਚ ਉਨ੍ਹਾਂ ਸਾਰਿਆਂ ਦੇ ਨਾਮ ਹਨ ਜੋ ਪਾਕਿਸਤਾਨ ਵਿਚ ਰਹਿ ਰਹੇ ਹਨ, ਉਥੋਂ ਅਪਣੇ ਸੰਗਠਨ ਚਲਾ ਰਹੇ ਹਨ ਜਾਂ ਫਿਰ ਅਜਿਹੇ ਸੰਗਠਨਾਂ ਨਾਲ ਜੁੜੇ ਹੋਏ ਹਨ ਜੋ ਅਤਿਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨੀ ਧਰਤੀ ਦੀ ਵਰਤੋਂ ਕਰਦੇ ਹਨ।
ਸੂਚੀ ਵਿਚ ਪਹਿਲਾ ਨਾਮ ਆਇਮਨ ਅਲ-ਜਵਾਹਿਰੀ ਦਾ ਹੈ, ਜਿਸ ਨੂੰ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦਾ ਦਾਅਵਾ ਹੈ ਕਿ ਜਵਾਹਿਰੀ ਅਜੇ ਵੀ ਅਫ਼ਗਾਨਿਸਤਾਨ-ਪਾਕਿਸਤਾਨ ਦੀ ਸਰਹੱਦ ਦੇ ਕੋਲ ਹੀ ਕਿਤੇ ਲੁਕਿਆ ਹੋਇਆ ਹੈ। ਸੂਚੀ ਵਿਚ ਜਵਾਹਿਰੀ ਦੇ ਕੁੱਝ ਸਹਿਯੋਗੀਆਂ ਦਾ ਨਾਮ ਵੀ ਹੈ ਜੋ ਉਸ ਦੇ ਨਾਲ ਹੀ ਲੁਕੇ ਹੋਏ ਹਨ।
ਸੂਚੀ ਵਿਚ ਇਕ ਦਰਜਨ ਤੋਂ ਜ਼ਿਆਦਾ ਉਨ੍ਹਾਂ ਅਤਿਵਾਦੀਆਂ ਦੇ ਨਾਮ ਹਨ, ਜਿਨ੍ਹਾਂ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕਰ ਕੇ ਅਮਰੀਕਾ ਨੂੰ ਸੌਂਪਿਆ ਜਾ ਚੁੱਕਾ ਹੈ। ਸੂਚੀ ਵਿਚ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਕਾਸਕਰ ਦਾ ਵੀ ਨਾਮ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਮੁਤਾਬਕ ਦਾਊਦ ਦੇ ਕੋਲ ਕਈ ਨਾਮਾਂ ਤੋਂ ਪਾਕਿਸਤਾਨੀ ਪਾਸਪੋਰਟ ਹਨ ਜੋ ਰਾਵਲਪਿੰਡੀ ਅਤੇ ਕਰਾਚੀ ਤੋਂ ਜਾਰੀ ਕੀਤੇ ਗਏ ਹਨ।
ਯੂਐਨ ਦਾ ਦਾਅਵਾ ਹੈ ਕਿ ਦਾਊਦ ਦਾ ਕਰਾਚੀ ਦੇ ਨੂਰਾਬਾਦ ਇਲਾਕੇ ਦੇ ਪਹਾੜੀ ਖੇਤਰ ਵਿਚ ਰਾਜਸੀ ਠਾਠ-ਬਾਠ ਵਾਲਾ ਬੰਗਲਾ ਹੈ। ਲਸ਼ਕਰ ਸਰਗਨਾ ਹਾਫਿ਼ਜ਼ ਸਈਦ ਦਾ ਨਾਮ ਸੂਚੀ ਵਿਚ ਅਜਿਹੇ ਅਤਿਵਾਦੀ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਕਈ ਅਤਿਵਾਦੀ ਵਾਰਦਾਤਾਂ ਵਿਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਇੰਟਰਪੋਲ ਭਾਲ ਰਿਹਾ ਹੈ।
ਲਸ਼ਕਰ ਦੇ ਮੀਡੀਆ ਇੰਚਾਰਜ ਅਤੇ ਹਾਫਿ਼ਜ਼ ਦੇ ਸਹਿਯੋਗੀ ਅਬਦੁਲ ਸਲਾਮ ਅਤੇ ਜ਼ਫ਼ਰ ਇਕਬਾਲ ਨੂੰ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹਾਫਿ਼ਜ਼ ਵਾਂਗ ਹੀ ਇੰਟਰਪੋਲ ਨੂੰ ਇਨ੍ਹਾਂ ਸਾਰਿਆਂ ਦੀ ਤਲਾਸ਼ ਹੈ।