ਪੰਜਾਬ ਭਵਨ ਵਲੋਂ ਹਰਚੰਦ ਬਾਗੜੀ ਦੀ ਸਵੈ-ਜੀਵਨੀ 'ਸਾਹਾਂ ਦਾ ਸਫ਼ਰ' ਲੋਕ ਅਰਪਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ 'ਚ ਸਥਿਤ ਸਾਹਿਤਕ ਕੇਂਦਰ ਵਜੋਂ ਜਾਣੇ ਜਾਂਦੇ ਪੰਜਾਬ ਭਵਨ ਵਿਖੇ ਪ੍ਰਸਿੱਧ ਲੇਖਕ ਹਰਚੰਦ ਸਿੰਘ ਬਾਗੜੀ ਦੀ ਸਵੈ-ਜੀਵਨੀ...

Harchand Bagri

ਵੈਨਕੂਵਰ, 23 ਜੁਲਾਈ (ਬਰਾੜ-ਭਗਤਾ ਭਾਈ ਕਾ) : ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ 'ਚ ਸਥਿਤ ਸਾਹਿਤਕ ਕੇਂਦਰ ਵਜੋਂ ਜਾਣੇ ਜਾਂਦੇ ਪੰਜਾਬ ਭਵਨ ਵਿਖੇ ਪ੍ਰਸਿੱਧ ਲੇਖਕ ਹਰਚੰਦ ਸਿੰਘ ਬਾਗੜੀ ਦੀ ਸਵੈ-ਜੀਵਨੀ ਪੁਸਤਕ 'ਸਾਹਾਂ ਦਾ ਸਫ਼ਰ' ਬੀ.ਸੀ. ਦੀਆਂ ਸਾਹਿਤਕ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਦੀ ਵੱਡੀ ਹਾਜ਼ਰੀ 'ਚ ਲੋਕ ਅਰਪਣ ਕੀਤੀ ਗਈ।
ਮੋਹਨ ਗਿੱਲ, ਸੁੱਖੀ ਬਾਠ, ਗੁਰਪ੍ਰੀਤ ਕੌਰ ਬਰਾੜ, ਨਾਵਲਕਾਰ ਜਰਨੈਲ ਸਿੰਘ ਸੇਖਾ, ਬੀਬੀ ਇੰਦਰਜੀਤ ਕੌਰ ਸਿੱਧੂ ਅਤੇ ਹਰਕੀਰਤ ਕੌਰ ਚਾਹਲ ਨੇ ਪੁਸਤਕ ਵਿਚਲੀ ਲਿਖਤ ਨੂੰ ਆਪੋ-ਅਪਣੇ ਤਰੀਕੇ ਨਾਲ ਬਿਆਨਿਆਂ ਅਤੇ ਲੇਖਕ ਨੂੰ ਵਧਾਈ ਦਿਤੀ। ਮੀਨੂੰ ਬਾਵਾ ਨੇ ਪੁਸਤਕ ਵਿਚੋਂ ਇਕ ਕਵਿਤਾ ਤਰੰਨਮ ਵਿੱਚ ਪੜ੍ਹੀ ਅਤੇ ਸਟੇਜ਼ ਦਾ ਸੰਚਾਲਣ ਕਵਿੰਦਰ ਚਾਂਦ ਨੇ ਵਧੀਆ ਢੰਗ ਨਾਲ ਕੀਤਾ।
280 ਸਫ਼ੇ ਦੀ ਇਸ ਪੁਸਤਕ 'ਚ ਲੇਖਕ ਨੇ ਅਪਣੀ ਜਨਮ ਭੂਮੀਂ ਤੋਂ ਕਰਮ ਭੂਮੀ ਤੱਕ ਦੇ ਸਫ਼ਰ 'ਚ ਵਾਪਰੀਆਂ ਅਨੇਕਾਂ ਘਟਨਾਵਾਂ ਦਾ ਦੋ ਭਾਗਾਂ 'ਚ ਜ਼ਿਕਰ ਕੀਤਾ ਹੈ। ਮੁਢਲੀ ਲਿਖ਼ਤ ਸ਼ੁਰੂ ਕਰਦਿਆਂ ਲੇਖਕ ਨੇ ਅਪਣੇ ਜਨਮ ਬਾਰੇ ਕਵਿਤਾ ਦੇ ਰੂਪ 'ਚ ਪੁਸਤਕ ਦੀ ਸ਼ੁਰੂਆਤ ਕੀਤੀ ਹੈ। ਪਹਿਲੇ ਭਾਗ 'ਚ ਜਨਮ ਭੂਮੀ 'ਤੇ ਬਿਤਾਈ ਜ਼ਿੰਦਗੀ ਦੀ ਬਾਤ ਪਾਈ ਹੈ, ਜਿਸ 'ਚ ਉਨ੍ਹਾਂ ਸੁਰਤ ਸੰਭਲਣ ਤੋਂ ਲੈ ਕੇ ਪੰਜਾਬ 'ਚ ਰਹਿਣ ਤਕ ਦੇ ਜੀਵਨ ਦੀਆਂ ਘਟਨਾਵਾਂ ਨੂੰ ਹੂ-ਬ-ਹੂ ਲਿਖਿਆ ਹੈ। ਚੋਰੀ ਕਰਨੀ, ਮਾਸਟਰਾਂ ਦੀ ਮਾਰ ਕੁਟਾਈ, ਬੁਢਲਾਡੇ 'ਚ ਲੰਘਾਏ 18 ਮਹੀਨੇ, ਸ਼ਰਾਬੀ ਨੂੰ ਘਰ ਛੱਡ ਕੇ ਆਉਣਾ ਅਤੇ ਗਿਆਨੀ ਦਾ ਢਾਬਾ ਲਿਖਤਾਂ 'ਚ ਲੇਖਕ ਅਪਣੇ ਆਪ ਨੂੰ ਜਿਉਂ ਦੀ-ਤਿਉਂ ਪੇਸ਼ ਕਰ ਕੇ ਸੁਰਖਰੂ ਹੋਇਆ ਜਾਪਦਾ ਹੈ ਜਿਵੇਂ ਉਸ ਦੇ ਸਿਰੋਂ ਕੋਈ ਭਾਰ ਲਹਿ ਗਿਆ ਹੋਵੇ।
ਦੂਜੇ ਭਾਗ 'ਚ ਲੇਖਕ ਨੇ ਅਪਣੀ ਕਰਮ ਭੂਮੀ ਕੈਨੇਡਾ ਦੀ ਧਰਤੀ 'ਤੇ ਪਹੁੰਚ ਕੇ ਹੁਣ ਤਕ ਦੇ ਹੰਢਾਏ ਜੀਵਨ ਨੂੰ ਉਲੀਕਿਆ ਹੈ, ਜਿਸ 'ਚ ਉਸ ਨੇ ਪੰਜਾਬ ਦੀਆਂ ਫੇਰੀਆਂ, ਪੰਜਾਬ ਦਾ ਤੀਜਾ ਗੇੜਾ ਅਤੇ ਜੂਨ 1984 ਦਾ ਦੁਖਾਂਤ ਲਿਖਤਾਂ ਨੂੰ ਬੜੇ ਵਿਰਾਗ ਮਈ ਢੰਗ 'ਚ ਪੇਸ਼ ਕੀਤਾ ਹੈ। ਪੜ੍ਹਣਯੋਗ ਇਹ ਪੁਸਤਕ ਮਨੁੱਖ ਲਈ ਸਵੈ-ਜੀਵਨੀ ਲਿਖਣ 'ਚ ਸਹਾਈ ਹੋਵੇਗੀ। ਪੁਸਤਕ 'ਚ ਲੇਖਕ ਨੇ ਸਮੇਂ-ਸਮੇਂ ਮੁਤਾਬਕ ਵਾਪਰੀਆਂ ਸਮਾਜਕ ਘਟਨਾਵਾਂ ਦੇ ਅਧਾਰਤ ਵਾਰਤਕ ਦੇ ਨਾਲ-ਨਾਲ ਕਵਿਤਾਵਾਂ ਵੀ ਪੇਸ਼ ਕੀਤੀਆਂ ਹਨ।