ਭਾਰਤ ਨੂੰ ਮਿਗ-35 ਲੜਾਕੂ ਜਹਾਜ਼ ਵੇਚਣਾ ਚਾਹੁੰਦੈ ਰੂਸ
ਰੂਸ ਅਪਣਾ ਨਵਾਂ ਲੜਾਕੂ ਜਹਾਜ਼ ਮਿਗ-35 ਭਾਰਤ ਨੂੰ ਵੇਚਣਾ ਚਾਹੁੰਦਾ ਹੈ। ਰੂਸ 'ਚ ਇਸ ਸਮੇਂ ਐਮ.ਏ.ਕੇ.ਐਸ.-2017 ਏਅਰ ਸ਼ੋਅ ਚਲ ਰਿਹਾ ਹੈ। ਇਸ ਸ਼ੋਅ ਦੌਰਾਨ ਦੁਨੀਆਂ ਦੀਆਂ...
ਜੁਕੋਵਸਕੀ, 23 ਜੁਲਾਈ : ਰੂਸ ਅਪਣਾ ਨਵਾਂ ਲੜਾਕੂ ਜਹਾਜ਼ ਮਿਗ-35 ਭਾਰਤ ਨੂੰ ਵੇਚਣਾ ਚਾਹੁੰਦਾ ਹੈ। ਰੂਸ 'ਚ ਇਸ ਸਮੇਂ ਐਮ.ਏ.ਕੇ.ਐਸ.-2017 ਏਅਰ ਸ਼ੋਅ ਚਲ ਰਿਹਾ ਹੈ। ਇਸ ਸ਼ੋਅ ਦੌਰਾਨ ਦੁਨੀਆਂ ਦੀਆਂ ਵੱਡੀਆਂ ਫ਼ਾਈਟਰ ਜੈਟ ਕੰਪਨੀਆਂ ਅਪਣੇ ਲੜਾਕੂ ਜਹਾਜ਼ ਪੇਸ਼ ਕਰਦੀਆਂ ਹਨ। ਏਅਰ ਸ਼ੋਅ ਦੌਰਾਨ ਮਿਗ ਦੇ ਸੀ.ਈ.ਓ. ਨੇ ਭਾਰਤ ਨੂੰ ਅਪਣੇ ਮਿਗ-35 ਲੜਾਕੂ ਜਹਾਜ਼ ਵੇਚਣ ਦੀ ਪੇਸ਼ਕਸ਼ ਕੀਤੀ।
ਮਿਗ ਏਅਰਕਰਾਫ਼ਟ ਕਾਰਪੋਰੇਸ਼ਨ ਦੇ ਸੀ.ਈ.ਓ. ਇਲਯਾ ਤਾਰਾਸੇਨਕੋ ਨੇ ਕਿਹਾ, ''ਅਸੀਂ ਇਸੇ ਸਾਲ ਜਨਵਰੀ 'ਚ ਮਿਗ-35 ਨੂੰ ਭਾਰਤ ਦੀਆਂ ਲੋੜਾਂ ਦੇ ਮੱਦੇਨਜ਼ਰ ਤਿਆਰ ਕੀਤਾ ਹੈ। ਅਸੀਂ ਭਾਰਤ ਅਤੇ ਦੂਜੇ ਦੇਸ਼ਾਂ 'ਚ ਇਸ ਲੜਾਕੂ ਜਹਾਜ਼ ਨੂੰ ਪੇਸ਼ ਕਰਨਾ ਚਾਹੁੰਦੇ ਹਨ। ਭਾਰਤ ਨੂੰ ਨਵੇਂ ਲੜਾਕੂ ਜਹਾਜ਼ ਦੀ ਲੋੜ ਹੈ ਅਤੇ ਉਨ੍ਹਾਂ ਦੀ ਏਅਰਫ਼ੋਰਸ ਤੋਂ ਇਸ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਲੜਾਕੂ ਜਹਾਜ਼ ਦਾ ਟੈਂਡਰ ਮਿਗ ਨੂੰ ਹੀ ਮਿਲੇ।'' ਜ਼ਿਕਰਯੋਗ ਹੈ ਕਿ ਰੂਸ ਦੇ ਇਨ੍ਹਾਂ ਮਿਗ-35 ਨੂੰ ਦੁਨੀਆਂ ਦੇ ਸੱਭ ਤੋਂ ਵਧੀਆ ਲੜਾਕੂ ਜਹਾਜ਼ਾਂ 'ਚੋਂ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਨਵੀਂ ਪੀੜ੍ਹੀ 'ਚ ਵੀ ਇਨ੍ਹਾਂ ਨੂੰ ਰੂਸ ਅਤੇ ਦੁਨੀਆਂ ਦੇ ਸੱਭ ਤੋਂ ਆਧੁਨਿਕ ਲੜਾਕੂ ਜਹਾਜ਼ਾਂ 'ਚੋਂ ਗਿਣਿਆ ਜਾਂਦਾ ਹੈ। ਇਸੇ ਲੜੀ 'ਚ ਦੋ ਹੋਰ ਏਅਰਕਰਾਫ਼ਟ ਤਿਆਰ ਕੀਤੇ ਗਏ ਹਨ। ਤਾਰਾਸੇਨਕੋ ਨੇ ਕਿਹਾ ਕਿ ਭਾਰਤ ਮਿਗ ਏਅਰਕਰਾਫ਼ਟਾਂ ਦੀ 50 ਸਾਲ ਤੋਂ ਵਰਤੋਂ ਕਰਦਾ ਆਇਆ ਹੈ। ਹੁਣ ਜਦੋਂ ਅਸੀ ਅਪਣਾ ਸੱਭ ਤੋਂ ਅਹਿਮ ਲੜਾਕੂ ਜਹਾਜ਼ ਤਿਹਾਰ ਕੀਤਾ ਹੈ ਤਾਂ ਭਾਰਤ ਸਾਡੇ ਲਈ ਸੱਭ ਤੋਂ ਅਹਿਮ ਖ਼ਰੀਦਦਾਰ ਹੋ ਸਕਦਾ ਹੈ।
ਤਾਰਾਸੇਨਕੋ ਨੇ ਕਿਹਾ ਕਿ ਮਿਗ-35 ਅਪਣੇ ਦੌਰ ਦੇ ਬਾਕੀ ਏਅਰਕਰਾਫ਼ਟ ਦੇ ਮੁਕਾਬਲੇ 25 ਫ਼ੀ ਸਦੀ ਤਕ ਸਸਤਾ ਹੈ ਅਤੇ ਇਸ ਦੇ ਸ਼ਾਨਦਾਰ ਫੀਚਰ ਹਨ। ਇਸ ਦਾ ਕਾਕਪਿਟ ਅਜਿਹੇ ਤਰੀਕੇ ਨਾਲ ਬਣਾਇਆ ਗਿਆ ਹੈ ਤਾਕਿ ਰਾਤ 'ਚ ਵੀ ਕੋਈ ਪ੍ਰੇਸ਼ਾਨੀ ਨਾ ਆਵੇ। (ਪੀਟੀਆਈ)