ਕੈਲੀਫੋਰਨੀਆ ਦੇ ਯੂ-ਟਿਊਬ ਮੁੱਖ ਦਫ਼ਤਰ 'ਚ ਫ਼ਾਈਰਿੰਗ ਦੌਰਾਨ 4 ਜ਼ਖ਼ਮੀ, ਮਹਿਲਾ ਹਮਲਾਵਰ ਵਲੋਂ ਖ਼ੁਦਕੁਸ਼ੀ
ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਫ਼ਾਈਰਿੰਗ ਕਰ ਦਿਤੀ। ਇਸ ਫਾਈਰਿੰਗ ਵਿਚ ਘੱਟ ਤੋਂ ਘੱਟ ਚਾਰ ਲੋਕ ਜ਼ਖਮੀ ਹੋ ਗਏ ਹਨ।
ਨਵੀਂ ਦਿੱਲੀ : ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਫ਼ਾਈਰਿੰਗ ਕਰ ਦਿਤੀ। ਇਸ ਫਾਈਰਿੰਗ ਵਿਚ ਘੱਟ ਤੋਂ ਘੱਟ ਚਾਰ ਲੋਕ ਜ਼ਖਮੀ ਹੋ ਗਏ ਹਨ। ਫ਼ਾਈਰਿੰਗ ਕੈਲੀਫੋਰਨੀਆ ਸਥਿਤ ਯੂ-ਟਿਊਬ ਦੇ ਮੁੱਖ ਦਫ਼ਤਰ ਵਿਚ ਹੋਈ। ਦਸਿਆ ਜਾ ਰਿਹਾ ਹੈ ਕਿ ਫ਼ਾਈਰਿੰਗ ਇਕ ਔਰਤ ਵਲੋਂ ਕੀਤੀ ਗਈ ਹੈ। ਹਾਲਾਂਕਿ ਫ਼ਾਈਰਿੰਗ ਤੋਂ ਬਾਅਦ ਮਹਿਲਾ ਸ਼ੂਟਰ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਸੈਨ ਬਰੂਨੋ ਪੁਲਿਸ ਮੁਖੀ ਐਡ ਬਾਰਬੇਰਿਨੀ ਨੇ ਦਸਿਆ ਕਿ ਯੂ-ਟਿਊਬ ਮੁੱਖ ਦਫ਼ਤਰ ਵਿਚ ਗੋਲੀਬਾਰੀ ਕਰਨ ਵਾਲੀ ਮਹਿਲਾ ਹਥਿਆਰਬੰਦ ਇਮਾਰਤ ਦੇ ਅੰਦਰ ਪਾਈ ਗਈ। ਉਨ੍ਹਾਂ ਕਿਹਾ ਕਿ ਮਹਿਲਾ ਹਥਿਆਰਬੰਦ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬਾਰਬੇਰਿਨੀ ਨੇ ਦਸਿਆ ਕਿ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਭਗਦੜ ਮਚ ਗਈ ਸੀ ਅਤੇ ਲੋਕ ਕਾਫ਼ੀ ਘਬਰਾ ਗਏ ਸਨ।
ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਘਟਨਾ ਸਥਾਨ 'ਤੇ ਐਂਬੂਲੈਂਸ ਪਹੁੰਚ ਗਈ ਅ ਤੇ ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਆਖਿਆ। ਇਸ ਤੋਂ ਬਾਅਦ ਯੂ-ਟਿਊਬ ਦਫ਼ਤਰ ਨੂੰ ਵੀ ਬੰਦ ਕਰ ਦਿਤਾ ਗਿਆ ਅਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਇਸ ਹਮਲੇ ਵਿਚ ਜ਼ਖ਼ਮੀ ਹੋਏ ਚਾਰ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿਚ ਜ਼ਖਮੀ ਚਾਰ ਲੋਕਾਂ ਵਿਚੋਂ ਇਕ ਨੂੰ ਹਥਿਆਰਬੰਦ ਔਰਤ ਜਾਣਦੀ ਸੀ।
ਖ਼ਬਰ ਦੇ ਮੁਤਾਬਕ ਜ਼ਖ਼ਮੀ ਨੌਜਵਾਨ ਨੂੰ ਸ਼ੱਕੀ ਹਮਲਾਵਰ ਮਹਿਲਾ ਸ਼ੂਟਰ ਦਾ ਪ੍ਰੇਮੀ ਦਸਿਆ ਜਾ ਰਿਹਾ ਹੈ। ਗੋਲੀਬਾਰੀ ਵਿਚ ਜ਼ਖ਼਼ਮੀ ਦੋ ਔਰਤਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਦੂਜੀ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਫਿ਼ਲਹਾਲ ਇਸ ਗੋਲੀਬਾਰੀ ਦੀ ਵਜ੍ਹਾ ਸਾਫ਼ ਨਹੀਂ ਹੋ ਸਕੀ ਹੈ, ਪਰ ਸੁਰੱਖਿਆ ਏਜੰਸੀਆਂ ਘਰੇਲੂ ਵਿਵਾਦ ਮੰਨ ਕੇ ਇਸ ਦੀ ਜਾਂਚ ਕਰ ਰਹੀਆਂ ਹਨ। ਜਾਂਚ ਤੋਂ ਬਾਅਦ ਹੀ ਗੋਲੀਬਾਰੀ ਦੀ ਵਜ੍ਹਾ ਸਾਫ਼ ਹੋ ਸਕੇਗੀ।
ਉਥੇ ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਯੂ-ਟਿਊਬ ਦੇ ਮੁੱਖ ਦਫ਼ਤਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਨੂੰ ਦੁਖਦਾਈ ਦਸਿਆ ਹੈ। ਉਨ੍ਹਾਂ ਬਿਆਨ ਜਾਰੀ ਕਰ ਕੇ ਕਿਹਾ ਕਿ ਯੂ-ਟਿਊਬ ਮੁੱਖ ਦਫ਼ਤਰ ਵਿਚ ਗੋਲੀਬਾਰੀ ਦੀ ਦੁਖਦ ਘਟਨਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਅਪਣੇ ਬਿਆਨ ਵਿਚ ਪਿਚਈ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ।
ਇਸ ਦੇ ਨਾਲ ਹੀ ਸੁੰਦਰ ਪਿਚਈ ਨੇ ਇਹ ਵੀ ਕਿਹਾ ਕਿ ਹੁਣ ਹਰ ਕਿਸੇ ਨੂੰ ਯੂ-ਟਿਊਬ ਟੀਮ ਦੇ ਸਮਰਥਨ ਵਿਚ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਅਪਣੇ ਬਿਆਨ ਵਿਚ ਕਿਹਾ ਕਿ ਜਦੋਂ ਕਰਮਚਾਰੀ ਲੰਚ ਕਰ ਰਹੇ ਸਨ, ਉਦੋਂ ਗੋਲੀਬਾਰੀ ਹੋਈ। ਸੁਰੱਖਿਆ ਕਰਮੀਆਂ ਨੇ ਤੁਰਤ ਕਰਮਚਾਰੀਆਂ ਨੂੰ ਇਮਾਰਤ ਤੋਂ ਬਾਹਰ ਕੱਢਿਆ। ਨਾਲ ਹੀ ਹਰੇਕ ਦੀ ਸੁਰੱਖਿਆ ਨੂੰ ਪਹਿਲ ਦਿਤੀ।