ਈਰਾਨ : ਭੂਚਾਲ 'ਚ ਮ੍ਰਿਤਕਾਂ ਦੀ ਗਿਣਤੀ 105 ਹੋਈ
ਭੂਚਾਲ ਦਾ ਕੇਂਦਰ 30.834 ਡਿਗਰੀ ਉਤਰੀ ਵਿਥਕਾਰ ਅਤੇ 51.559 ਡਿਗਰੀ ਪੂਰਬੀ ਲੰਬਕਾਰ 'ਚ 8 ਕਿਲੋਮੀਟਰ ਦੀ ਡੂੰਘਾਈ ਵਿਚ ਦਰਜ ਕੀਤਾ ਗਿਆ।
ਤਹਿਰਾਨ, 3 ਮਈ : ਦਖਣੀ ਈਰਾਨ ਦੇ ਪਰਬਤੀ ਖੇਤਰ 'ਚ ਬੁਧਵਾਰ ਨੂੰ ਆਏ 5.2 ਤੀਬਰਤਾ ਦੇ ਭੂਚਾਲ ਨਾਲ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 31 ਤੋਂ ਵੱਧ ਕੇ 105 ਹੋ ਗਈ ਹੈ। ਸਮਾਚਾਰ ਏਜੰਸੀ 'ਸਿੰਹੁਆ' ਮੁਤਾਬਕ ਭੂਚਾਲ ਦਾ ਕੇਂਦਰ 30.834 ਡਿਗਰੀ ਉਤਰੀ ਵਿਥਕਾਰ ਅਤੇ 51.559 ਡਿਗਰੀ ਪੂਰਬੀ ਲੰਬਕਾਰ 'ਚ 8 ਕਿਲੋਮੀਟਰ ਦੀ ਡੂੰਘਾਈ ਵਿਚ ਦਰਜ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਆਉਣ ਨਾਲ ਬਿਜਲੀ ਸਪਲਾਈ ਅਤੇ ਸੰਚਾਰ ਵਿਵਸਥਾ ਪ੍ਰਭਾਵਤ ਵੀ ਹੋਈ ਸੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਡਰ ਕੇ ਸੜਕਾਂ 'ਤੇ ਨਿਕਲ ਆਏ ਸਨ। ਉਥੇ ਹੀ ਸੜਕਾਂ 'ਤੇ ਗਸ਼ਤ ਕਰ ਰਹੇ ਫ਼ਾਇਰ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਘਰਾਂ ਅੰਦਰ ਜਾਣ ਤੋਂ ਬਚਣ ਦੀ ਹਿਦਾਇਤ ਦਿੰਦੇ ਹੋਏ ਨਜ਼ਰ ਆਏ।
ਦਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਦੀਆਂ ਕੰਧਾਂ 'ਚ ਤ੍ਰੇੜਾਂ ਪੈ ਗਈਆਂ ਹਨ।ਦੱਸਣਯੋਗ ਹੈ ਕਿ ਈਰਾਨ ਵਿਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਨਵੰਬਰ ਵਿਚ ਪਛਮੀ ਈਰਾਨ ਵਿਚ 7.2 ਤੀਬਰਤਾ ਦਾ ਭੂਚਾਲ ਆਇਆ ਸੀ। ਉਸ 'ਚ 600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2003 ਵਿਚ ਆਏ 6.6 ਤੀਬਰਤਾ ਦੇ ਭੂਚਾਲ ਵਿਚ ਇਤਿਹਾਸਕ ਸ਼ਹਿਰ ਬਾਮ ਤਬਾਹ ਹੋ ਗਿਆ ਸੀ। ਉਦੋਂ 26,000 ਲੋਕਾਂ ਦੀ ਮੌਤ ਹੋ ਗਈ ਸੀ। (ਪੀਟੀਆਈ)