ਸੰਯੁਕਤ ਰਾਸ਼ਟਰ, 3 ਮਈ : ਪਾਕਿਸਤਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ 'ਚ ਕਸ਼ਮੀਰ ਵਿਚ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣ ਦਾ ਮਾਮਲਾ ਚੁਕਿਆ ਹੈ। ਉਥੇ ਹੀ ਭਾਰਤ ਨੇ ਵੀ ਪਾਕਿਸਤਾਨ ਵਿਰੁਧ ਸਖ਼ਤ ਇਤਰਾਜ਼ ਜਤਾਇਆ। ਭਾਰਤ ਨੇ ਕਿਹਾ ਕਿ ਇਹ ਮਾਮਲਾ ਸੂਚਨਾ ਕਮੇਟੀ ਲਈ ਢੁਕਵਾਂ ਨਹੀਂ ਹੈ।ਇਸ ਤੋਂ ਪਹਿਲਾਂ ਕਮੇਟੀ ਆਫ਼ ਇਨਫ਼ਰਮੇਸ਼ਨ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪਾਕਿਤਸਤਾਨ ਦੇ ਪ੍ਰਤੀਨਿਧੀ ਮਸੂਦ ਅਨਵਰ ਨੇ ਕਸ਼ਮੀਰ ਦਾ ਮੁੱਦਾ ਚੁਕਿਆ ਅਤੇ ਦੋਸ਼ ਲਗਾਇਆ ਕਿ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਅਨਵਰ ਨੇ ਕਿਹਾ, ''ਅੱਜ ਜਿਸ ਦੁਨੀਆਂ 'ਚ ਅਸੀਂ ਰਹਿ ਰਹੇ ਹਾਂ ਉਹ ਸੰਘਰਸ਼ ਅਤੇ ਵਿਵਾਦਾਂ ਨਾਲ ਘਿਰੀ ਹੈ। ਹਾਲਾਂਕਿ ਅਸੀਂ ਅਤਿਵਾਦ ਅਤੇ ਅਤਿਵਾਦ ਨਾਲ ਲੜਨ ਵਿਚ ਇਕਜੁੱਟਤਾ ਬਰਕਰਾਰ ਰਖਦੇ ਹਾਂ। ਇਨ੍ਹਾਂ ਦੂਸ਼ਿਤ ਵਿਚਾਰਧਾਰਾਵਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ।''
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਜਨਸੂਚਨਾ ਵਿਭਾਗ (ਡੀ.ਪੀ.ਆਈ.) ਤਣਾਅ ਖ਼ਤਮ ਕਰਨ ਅਤੇ ਆਪਸੀ ਸਦਭਾਵਨਾ ਨੂੰ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ, ''ਮਨੁੱਖੀ ਅਧਿਕਾਰ ਉਲੰਘਣਾ ਅੰਤਰਰਾਸ਼ਟਰੀ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।''ਉਥੇ ਹੀ ਭਾਰਤ ਨੇ ਕਸ਼ਮੀਰ 'ਤੇ ਦਿਤੇ ਗਏ ਅਨਵਰ ਦੇ ਹਵਾਲੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਟਿਪਣੀ ਕਮੇਟੀ ਦੇ ਕੰਮ ਵਿਚ ਢੁਕਵੀਂ ਨਹੀਂ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤੀ ਮਿਸ਼ਨ ਵਿਚ ਮੰਤਰੀ ਐਸ. ਸ੍ਰੀਨਿਵਾਸ ਪ੍ਰਸਾਦ ਨੇ ਸੈਸ਼ਨ ਦੌਰਾਨ ਕਿਹਾ, ''ਅਸੀਂ ਕਮੇਟੀ ਦੇ ਏਜੰਡੇ ਤੋਂ ਵੱਖ ਮੁੱਦਿਆਂ ਦਾ ਜ਼ਿਕਰ ਕਰਨ ਦੀ ਅੱਜ ਇਥੇ ਇਕ ਹੋਰ ਕੋਸ਼ਿਸ਼ ਵੇਖੀ। ਅਸੀਂ ਇਨ੍ਹਾਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦੇ ਹਾਂ, ਕਿਉਂਕਿ ਇਨ੍ਹਾਂ ਦਾ ਕਮੇਟੀ ਦੇ ਕੰਮ ਨਾਲ ਕੋਈ ਮਤਲਬ ਨਹੀਂ ਹੈ।'' ਪ੍ਰਸਾਦ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਅਤਿਵਾਦ ਦੇ ਸਾਰੇ ਰੂਪਾਂ ਦਾ ਵਿਰੋਧ ਕਰਦਾ ਹੈ। (ਪੀਟੀਆਈ)