ਆਸਟਰੇਲੀਆ ’ਚ ਫਸੇ ਪੰਜਾਬੀ ਜੋੜੇ ਨੇ ਪੰਜਾਬੀ ਰੇਡੀਉ ’ਤੇ ਦਸੀਆਂ ਅਪਣੀਆਂ ਸਮਸਿਆਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਆ ਵਿਚ ਭਾਰਤ ਤੋਂ ਸੈਲਾਨੀ ਵੀਜ਼ਾ ਲੈ ਕੇ ਘੁੰਮਣ-ਫਿਰਨ ਆਏ ਸੈਂਕੜੇ ਭਾਰਤੀ ਕੋਵਿਡ-19 ਕਾਰਨ

File Photo

ਪਰਥ, 3 ਮਈ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਵਿਚ ਭਾਰਤ ਤੋਂ ਸੈਲਾਨੀ ਵੀਜ਼ਾ ਲੈ ਕੇ ਘੁੰਮਣ-ਫਿਰਨ ਆਏ ਸੈਂਕੜੇ ਭਾਰਤੀ ਕੋਵਿਡ-19 ਕਾਰਨ ਆਸਟਰੇਲੀਆ ’ਚ ਕੌਮਾਂਤਰੀ ਹਵਾਈ ਉਡਾਣਾਂ ’ਤੇ ਲਗੀਆਂ ਪਾਬੰਦੀਆਂ ਕਾਰਨ ਫਸ ਗਏ ਹਨ ।  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੰਮ ਕਰਨ ਵਾਲੇ ਪਵਨਪ੍ਰੀਤ ਸਿੰਘ ਭੱਠਲ ਅਪਣੀ ਪਤਨੀ ਤੇ ਪੁੱਤਰ ਨਾਲ ਇਕ ਮਹੀਨੇ ਲਈ ਆਸਟ੍ਰੇਲੀਆ ਘੁੰਮਣ ਆਇਆ ਸੀ। 22 ਮਾਰਚ ਨੂੰ ਉਹਨਾਂ ਦੀ ਵਾਪਸੀ ਸੀ ਪਰ ਆਸਟ੍ਰੇਲੀਆ ਅਤੇ ਭਾਰਤ ਦੇ ਅੰਤਰਰਾਸ਼ਟਰੀ ਬਾਰਡਰ ਬੰਦ ਹੋ ਜਾਣ ਕਰ ਕੇ ਉਨ੍ਹਾਂ ਨੂੰ ਅਜੇ ਤਕ ਆਸਟ੍ਰੇਲੀਆ ’ਚ ਰਹਿਣਾ ਪੈ ਰਿਹਾ ਹੈ।

ਸ਼ੁਰੂਆਤ ’ਚ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਹ ਰੁਕਾਵਟ ਹਫ਼ਤੇ ਭਰ ਦੀ ਹੋਵੇਗੀ ਪਰ ਵੇਖਦੇ-ਵੇਖਦੇ ਦਿਨ ਹਫ਼ਤਿਆਂ ਵਿਚ ਤੇ ਹੁਣ ਹਫ਼ਤੇ ਮਹੀਨਿਆਂ ’ਚ ਤਬਦੀਲ ਹੋ ਚੁੱਕੇ ਹਨ। ਪਵਨਪ੍ਰੀਤ ਨੇ ਐਸਬੀਐਸ ਪੰਜਾਬੀ ਰੇਡੀਓ ਤੇ ਕੀਤੀ ਗੱਲਬਾਤ ਦੌਰਾਨ ਅਪਣੀ ਸਮੱਸਿਆ ਬਾਰੇ ਦਸਿਆ । ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਿਤ ਬੁਲਾਰੇ ਅਨੁਰਾਗ ਸ੍ਰੀਵਾਸਤਵ ਵਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ, ਮੰਤਰਾਲੇ ’ਚ ਇਕ ਕੋਵਿਡ -19 ਕੰਟਰੋਲ ਰੂਮ ਸਥਾਪਤ ਕੀਤਾ ਹੈ, ਜਿਸ ਨੂੰ ਹੁਣ ਤਕ 10,000 ਕਾਲਾਂ ਅਤੇ 30,000 ਈ-ਮੇਲਾਂ ਪ੍ਰਾਪਤ ਹੋਈਆਂ ਹਨ।

ਪੰਜਾਬ ਦੇ ਡਿਪਟੀ ਕਮਿਸ਼ਨਰਾਂ ਵਲੋਂ ਹਰ ਜ਼ਿਲ੍ਹੇ ਦਾ ਇਕ ਈ-ਮੇਲ ਐਡਰੈੱਸ ਸੋਸ਼ਲ ਮੀਡਿਆ ਉੱਤੇ ਪਾਇਆ ਗਿਆ ਹੈ ਜਿਸ ਉੱਤੇ ਵਿਦੇਸ਼ਾਂ ਵਿਚ ਫਸੇ ਉਸ ਜ਼ਿਲੇ ਦੇ ਨਿਵਾਸੀ ਅਪਣਾ ਨਾਮ, ਪਾਸਪੋਰਟ ਨੰਬਰ ਅਤੇ ਹੋਰ ਜਾਣਕਾਰੀ ਦਰਜ ਕਰਵਾ ਸਕਦੇ ਹਨ । ਤਾਂ ਕਿ ਸਰਕਾਰ ਇਨ੍ਹਾਂ ਲੋਕਾਂ ਨਾਲ ਸੰਪਰਕ ਕਰਕੇ ਘਰ ਵਾਪਸੀ ਦਾ ਬੰਦੋਬਸਤ ਕਰ ਸਕੇ । 

ਭੱਠਲ ਨੇ ਇਸ ਤੋਂ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਸੰਸਦੀ ਮੈਂਬਰ ਭਗਵੰਤ ਮਾਨ ਨੂੰ ਵੀ ਮੱਦਦ ਲਈ ਈ-ਮੇਲ ਲਿਖੇ। ਪਰ ਅਜੇ ਤਕ ਇਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਉਸਨੇ ਆਸਟ੍ਰੇਲੀਆ ਵਿਚ ਭਾਰਤੀ ਉੱਚ ਆਯੋਗ ਨੂੰ ਵੀ ਈ-ਮੇਲ ਕੀਤੀ ਸੀ ਅਤੇ ਓਥੋਂ ਜਵਾਬ ਵੀ ਆਇਆ, ਉਨ੍ਹਾਂ ਕਿਹਾ ਕਿ ਜੱਦ ਤਕ ਹਵਾਈ ਉਡਾਣਾਂ ਨਹੀਂ ਚਲਦਿਆਂ ਤਦ ਤਕ ਸਾਨੂੰ ਇਥੇ ਹੀ ਰਹਿਣਾ ਪਵੇਗਾ।