ਭਾਰਤ ਦੀ ਮਦਦ ਲਈ ਅੱਗੇ ਆਏ 15 ਸਾਲ ਦੇ ਅਮਰੀਕੀ ਭਰਾ-ਭੈਣ, ਮਰੀਜ਼ਾਂ ਲਈ ਇਕੱਠੇ ਕੀਤੇ 2,80,000 ਡਾਲਰ
ਕੋਰੋਨਾ ਵਾਇਰਸ ਦੇ ਚਲਦਿਆਂ ਤਿੰਨ ਭਾਰਤੀ-ਅਮਰੀਕੀ ਭਰਾ-ਭੈਣ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਤਿੰਨ ਭਾਰਤੀ-ਅਮਰੀਕੀ ਭਰਾ ਭੈਣ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ। ਉਹਨਾਂ ਵੱਲੋਂ ਕੋਵਿਡ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਭੇਜਣ ਲਈ 2,80,000 ਡਾਲਰ ਤੋਂ ਜ਼ਿਆਰਾ ਰਕਮ ਇਕੱਠੀ ਕੀਤੀ ਗਈ ਹੈ।
ਗੈਰ-ਲਾਭਕਾਰੀ ਸੰਸਥਾ ‘ਲਿਟਲ ਮੈਂਟਰਸ’ ਦੇ ਸੰਸਥਾਪਕ ਜੀਆ, ਕਰੀਨਾ ਅਤੇ ਅਰਮਾਨ ਗੁਪਤਾ ਨੇ ਅਪਣੇ ਸਕੂਲ ਦੇ ਦੋਸਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਨਾਲ ਇਹ ਰਕਮ ਇਕੱਠੀ ਕੀਤੀ ਹੈ ਤਾਂ ਜੋ ਦਿੱਲੀ ਅਤੇ ਇਸ ਦੇ ਨੇੜਲੇ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਲਈ ਆਕਸੀਜਨ ਅਤੇ ਵੈਂਟੀਲੇਟਰ ਆਦਿ ਉਪਕਰਨਾਂ ਦਾ ਪ੍ਰਬੰਧ ਕੀਤਾ ਜਾ ਸਕੇ। ਦੱਸ ਦਈਏ ਕਿ ਇਹਨਾਂ ਬੱਚਿਆਂ ਦੀ ਉਮਰ 15 ਸਾਲ ਹੈ।
ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ, ‘ਸਾਡੀ ਸਿਰਫ ਇਹੀ ਅਪੀਲ ਹੈ ਕਿ ਇਹਨਾਂ ਉਪਕਰਨਾਂ ਦੀ ਜਦੋਂ ਲੋੜ ਨਾ ਹੋਵੇ ਤਾਂ ਉਸ ਨੂੰ ਵਾਪਸ ਕੀਤਾ ਜਾਵੇ ਤਾਂ ਜੋ ਕੋਈ ਹੋਰ ਮਰੀਜ਼ ਇਸ ਦੀ ਵਰਤੋਂ ਕਰ ਸਕੇ’। ਉਹਨਾਂ ਅੱਗੇ ਕਿਹਾ, ‘ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹਨਾਂ ਚੀਜ਼ਾਂ ਦੀ ਕਮੀਂ ਹੈ ਅਤੇ ਪ੍ਰਭਾਵਿਤ ਅਬਾਦੀ ਬਹੁਤ ਜ਼ਿਆਦਾ ਹੈ’।
ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਉਹ ਲੋੜਵੰਦ ਲੋਕਾਂ ਸਬੰਧੀ ਅੰਕੜਾ ਤਿਆਰ ਕਰਨਗੇ ਤਾਂ ਕਿ ਉਚਿਤ ਤਰੀਕੇ ਨਾਲ ਉਪਕਰਨਾਂ ਦੀ ਸਪਲਾਈ ਕੀਤੀ ਜਾ ਸਕੇ। ਇਸ ਦੇ ਲਈ ਉਹਨਾਂ ਨੂੰ ਸਾਰਿਆਂ ਦੀ ਮਦਦ ਦੀ ਲੋੜ ਹੋਵੇਗੀ।