Raj Singh Badhesha: ਰਾਜ ਸਿੰਘ ਬਧੇਸ਼ਾ ਨੇ ਵਧਾਇਆ ਸਿੱਖਾਂ ਦਾ ਮਾਣ, ਅਮਰੀਕੀ ਸ਼ਹਿਰ ਫਰੈਸਨੋ ਦੇ ਪਹਿਲੇ ਸਿੱਖ ਜੱਜ ਨਿਯੁਕਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਜ ’ਚ ਉਹ ਸਾਰੇ ਗੁਣ ਹਨ ਜੋ ਕਿਸੇ ਜੱਜ ’ਚ ਲੱਭਣ ਦੀ ਉਮੀਦ ਕੀਤੀ ਜਾਂਦੀ ਹੈ : ਗਵਰਨਰ ਗੈਵਿਨ ਨਿਊਸਮ 

Raj Singh Badhesha

Raj Singh Badhesha: ਫਰੈਸਨੋ (ਕੈਲੀਫੋਰਨੀਆ), 4 ਮਈ: ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸ਼ੁਕਰਵਾਰ ਨੂੰ ਰਾਜ ਸਿੰਘ ਬਧੇਸ਼ਾ ਨੂੰ ਫਰੈਸਨੋ ਕਾਊਂਟੀ ਸੁਪੀਰੀਅਰ ਕੋਰਟ ਦਾ ਨਵਾਂ ਜੱਜ ਨਿਯੁਕਤ ਕਰਨ ਦਾ ਐਲਾਨ ਕੀਤਾ। ਉਹ ਇਸ ਸਮੇਂ ਫਰੈਸਨੋ ’ਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਹਨ। ਬਧੇਸ਼ਾ ਫਰੈਸਨੋ ਕਾਊਂਟੀ ਬੈਂਚ ’ਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ। 

ਇਸ ਨਿਯੁਕਤੀ ਦਾ ਜਸ਼ਨ ਸੈਂਟਰਲ ਵੈਲੀ ’ਚ ਵੱਡੀ ਗਿਣਤੀ ’ਚ ਵਸਤੇ ਪੰਜਾਬੀ ਅਤੇ ਏਸ਼ੀਆਈ ਭਾਈਚਾਰਿਆਂ ਦੇ ਲੋਕਾਂ ਵਲੋਂ ਮਨਾਇਆ ਜਾਵੇਗਾ। ਸਿਟੀ ਅਟਾਰਨੀ ਐਂਡਰਿਊ ਜੇਨਜ਼ ਨੇ ਕਿਹਾ, ‘‘ਕਾਨੂੰਨ ਦੇ ਵੱਖ-ਵੱਖ ਪਹਿਲੂਆਂ ਦੇ ਵਿਆਪਕ ਗਿਆਨ ਅਤੇ ਸੰਵੇਦਨਸ਼ੀਲ ਸਥਿਤੀਆਂ ਨਾਲ ਸਮਝਦਾਰੀ ਅਤੇ ਸੰਜਮ ਨਾਲ ਨਜਿੱਠਣ ਦੀ ਅਪਣੀ ਯੋਗਤਾ ਕਾਰਨ ਰਾਜ ਮੇਰੀ ਪ੍ਰਬੰਧਨ ਟੀਮ ਦਾ ਇਕ ਮਹੱਤਵਪੂਰਣ ਹਿੱਸਾ ਰਿਹਾ ਹੈ। ਜਦੋਂ ਮੈਨੂੰ ਸਿਟੀ ਅਟਾਰਨੀ ਨਿਯੁਕਤ ਕੀਤਾ ਗਿਆ, ਤਾਂ ਉਹ ਜਲਦੀ ਹੀ ਮੇਰੇ ਸੱਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ ਅਤੇ ਇਸ ਅਹੁਦੇ ’ਤੇ ਮੇਰੀ ਤਬਦੀਲੀ ਨੂੰ ਨਿਰਵਿਘਨ ਬਣਾ ਦਿਤਾ। ਰਾਜ ’ਚ ਉਹ ਸਾਰੇ ਗੁਣ ਹਨ ਜੋ ਕਿਸੇ ਜੱਜ ’ਚ ਲੱਭਣ ਦੀ ਉਮੀਦ ਕੀਤੀ ਜਾਂਦੀ ਹੈ। ਉਹ ਖੁੱਲ੍ਹੇ ਵਿਚਾਰਾਂ ਵਾਲਾ, ਵਿਚਾਰਸ਼ੀਲ, ਹੌਸਲੇ ਵਾਲਾ, ਚੰਗੀ ਖੋਜਬੀਨ ਕਰਨ ਵਾਲਾ ਅਤੇ ਕੂਟਨੀਤਕ ਹੈ। ਹਾਲਾਂਕਿ ਉਸ ਦਾ ਵਿਆਪਕ ਕਾਨੂੰਨੀ ਤਜਰਬਾ ਅਤੇ ਮੁਹਾਰਤ ਫਰੈਸਨੋ ਸ਼ਹਿਰ ਲਈ ਇਕ ਵੱਡਾ ਨੁਕਸਾਨ ਹੋਣ ਜਾ ਰਹੀ ਹੈ, ਪਰ ਫਰੈਸਨੋ ਕਾਊਂਟੀ ਅਤੇ ਕੈਲੀਫੋਰਨੀਆ ਸੂਬੇ ਦੀ ਇਮਾਨਦਾਰੀ ਅਤੇ ਅਖੰਡਤਾ ਨਾਲ ਸੇਵਾ ਕਰਨ ਲਈ ਇਸ ਤੋਂ ਵੱਧ ਢੁਕਵਾਂ ਵਿਅਕਤੀ ਨਹੀਂ ਹੈ।’’

ਰਾਜਪਾਲ ਵਲੋਂ ਨਿਯੁਕਤੀ ਬਾਰੇ ਪਤਾ ਲੱਗਣ ਤੋਂ ਬਾਅਦ ਰਾਜ ਸਿੰਘ ਬਧੇਸ਼ਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਮੈਂ ਗਵਰਨਰ ਗੈਵਿਨ ਨਿਊਸਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਫਰੈਸਨੋ ਕਾਊਂਟੀ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਸੇਵਾ ਕਰਨ ਦੀ ਮੇਰੀ ਯੋਗਤਾ ’ਤੇ ਭਰੋਸਾ ਹੈ। ਫਰੈਸਨੋ ਕਮਿਊਨਿਟੀ ਲਈ ਸਾਲਾਂ ਦੀ ਸਮਰਪਿਤ ਸੇਵਾ ਤੋਂ ਬਾਅਦ, ਜਿਸ ’ਚ ਫਰੈਸਨੋ ਸਿਟੀ ਅਟਾਰਨੀ ਦੇ ਦਫਤਰ ’ਚ ਅਨਮੋਲ ਤਜਰਬਾ ਅਤੇ ਵਿਆਪਕ ਵਲੰਟੀਅਰ ਕੰਮ ਸ਼ਾਮਲ ਹੈ, ਮੈਂ ਫਰੈਸਨੋ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਇਸ ਅਹੁਦੇ ’ਤੇ ਸ਼ਹਿਰ ਦੇ ਪਹਿਲੇ ਸਿੱਖ ਹੋਣ ਬਾਰੇ ਉਨ੍ਹਾਂ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਮੈਂ ਅਪਣੇ ਭਾਈਚਾਰੇ ਦੇ ਉਸ ਹਿੱਸੇ ਦੀ ਨੁਮਾਇੰਦਗੀ ਕਰਨ ਦੇ ਯੋਗ ਹਾਂ ਜਿਸ ਨੂੰ ਅਸੀਂ ਅਕਸਰ ਬੈਂਚ ’ਤੇ ਨਹੀਂ ਵੇਖਦੇ ਅਤੇ ਮੈਂ ਵੰਨ-ਸੁਵੰਨਤਾ ਪ੍ਰਤੀ ਰਾਜਪਾਲ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਾ ਹਾਂ।’’

2022 ਤੋਂ, ਬਧੇਸ਼ਾ ਨੇ ਫਰੈਸਨੋ ਸਿਟੀ ਅਟਾਰਨੀ ਦੇ ਦਫਤਰ ’ਚ ਮੁੱਖ ਸਹਾਇਕ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ 2012 ਤੋਂ ਸੀ.ਏ.ਓ. ’ਚ ਕਈ ਹੋਰ ਭੂਮਿਕਾਵਾਂ ’ਚ ਸੇਵਾ ਨਿਭਾਈ ਹੈ। ਉਹ 2008 ਤੋਂ 2012 ਤਕ ਬੇਕਰ ਮਨੋਕ ਐਂਡ ਜੇਨਸਨ ’ਚ ਇਕ ਸਹਿਯੋਗੀ ਵਜੋਂ ਕੰਮ ਕੀਤਾ। ਬਧੇਸ਼ਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਕਾਲਜ ਆਫ ਲਾਅ, ਸਾਨ ਫਰਾਂਸਿਸਕੋ (ਪਹਿਲਾਂ ਯੂ.ਐਸ. ਹੇਸਟਿੰਗਜ਼) ਤੋਂ ਜੂਰਿਸ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਜੱਜ ਜੌਨ ਐਨ ਕਪੇਟਨ ਦੀ ਰਿਟਾਇਰਮੈਂਟ ਨਾਲ ਖਾਲੀ ਹੋਈ ਅਸਾਮੀ ਨੂੰ ਭਰਨਗੇ।