ਅਹਿਮ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਈਵਾਲੀ ਮਜ਼ਬੂਤ ਹੋ ਰਹੀ ਹੈ : ਮੋਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਿੰਦ-ਪ੍ਰਸ਼ਾਂਤ ਖੇਤਰ ਨੂੰ 'ਕੁਦਰਤੀ ਖੇਤਰ' ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀਆਂ ਫ਼ੌਜਾਂ ਖ਼ਾਸਕਰ ਜਲ ਸੈਨਾ ਰਣਨੀਤਕ ਪੱਖੋਂ ਅਹਿਮ ਇਸ ਖੇਤ...

Narendra Modi

ਸਿੰਗਾਪੁਰ : ਹਿੰਦ-ਪ੍ਰਸ਼ਾਂਤ ਖੇਤਰ ਨੂੰ 'ਕੁਦਰਤੀ ਖੇਤਰ' ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀਆਂ ਫ਼ੌਜਾਂ ਖ਼ਾਸਕਰ ਜਲ ਸੈਨਾ ਰਣਨੀਤਕ ਪੱਖੋਂ ਅਹਿਮ ਇਸ ਖੇਤਰ ਵਿਚ ਮਾਨਵੀ ਸਹਾਇਤਾ ਦੇ ਨਾਲ-ਨਾਲ ਸ਼ਾਂਤੀ ਅਤੇ ਸੁਰੱਖਿਆ ਹਿੱਤ ਸਹਿਯੋਗ ਵਧਾ ਰਹੀ ਹੈ। ਮੋਦੀ ਨੇ ਕਿਹਾ ਕਿ ਦਖਣੀ ਪੂਰਬ ਏਸ਼ੀਆ ਦੇ ਦਸ ਦੇਸ਼ ਦੋ ਪ੍ਰਮੁੱਖ ਮਹਾਸਾਗਰਾਂ-ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਭੂਗੋਲਿਕ ਅਤੇ ਸਭਿਅਤਾ ਦੋਹਾਂ ਹੀ ਦ੍ਰਿਸ਼ਟੀਆਂ ਨਾਲ ਜੋੜਦੇ ਹਨ।

ਪ੍ਰਧਾਨ ਮੰਤਰੀ ਨੇ ਸ਼ੁਕਰਵਾਰ ਸ਼ਾਮ ਇਥੇ ਵਕਾਰੀ ਸ਼ਾਂਗਰੀ-ਲਾ ਵਾਰਤਾ ਵਿਚ ਕਿਹਾ, 'ਖੁਲ੍ਹਾਪਣ ਅਤੇ ਆਸੀਆਨ ਕੇਂਦਰੀਅਤਾ ਅਤੇ ਏਕਤਾ ਨਵੇਂ ਹਿੰਦ-ਪ੍ਰਸ਼ਾਂਤ ਦੇ ਕੇਂਦਰ ਵਿਚ ਹੈ। ਹਿੰਦ ਪ੍ਰਸ਼ਾਤ ਖੇਤਰ ਬਾਰੇ ਅਪਣੇ ਨਜ਼ਰੀਏ ਦੀ ਵਿਆਖਿਆ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਹਿੰਦ-ਪ੍ਰਸ਼ਾਤ ਖੇਤਰ ਨੂੰ ਰਣਨੀਤੀ ਦੇ ਰੂਪ ਵਿਚ ਜਾਂ ਸੀਮਤ ਮੈਂਬਰਾਂ ਦੇ ਕਲੱਬ ਦੇ ਰੂਪ ਵਿਚ ਨਹੀਂ ਵੇਖਦਾ ਅਤੇ ਨਾ ਹੀ ਅਜਿਹੇ ਸਮੂਹ ਦੇ ਰੂਪ ਵਿਚ ਵੇਖਦਾ ਹੈ ਜੋ ਹਾਵੀ ਹੋਣਾ ਚਾਹੁੰਦਾ ਹੋਵੇ।

ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਫ਼ੌਜ ਖ਼ਾਸਕਰ ਜਲ ਸੈਨਾ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ-ਨਾਲ ਮਾਨਵੀ ਸਹਾਹਿਤਾ ਅਤੇ ਆਫ਼ਤ ਰਾਹਤ ਲਈ ਭਾਰਤ-ਪ੍ਰਸ਼ਾਂਤ ਖੇਤਰ ਵਿਚ ਭਾਈਵਾਲ ਰਹੇ ਹਨ। ਇਹ ਪੂਰੇ ਖੇਤਰਾਂ ਵਿਚ ਸਦਭਾਵਨਾ ਮਿਸ਼ਨਾਂ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਸਾਲ ਦੇ ਤੌਰ 'ਤੇ ਸਿੰਗਾਪੁਰ ਨਾਲ ਭਾਰਤ ਦਾ ਸੱਭ ਤੋਂ ਲੰਮਾ ਜਲ ਸੈਨਾ ਅਭਿਆਸ ਚਲ ਰਿਹਾ ਹੈ ਜੋ ਹੁਣ 25ਵੇਂ ਸਾਲ ਵਿਚ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਛੇਤੀ ਹੀ ਸਿੰਗਾਪੁਰ ਨਾਲ ਨਵਾਂ ਅਭਿਆਸ ਸ਼ੁਰੂ ਕਰੇਗਾ ਅਤੇ ਭਾਰਤ ਨੂੰ ਉਮੀਦ ਹੈ ਕਿ ਇਸ ਦਾ ਦੂਜੇ ਆਸੀਆਨ ਮੁਲਕਾਂ ਤਕ ਵਿਸਤਾਰ ਹੋਵੇਗਾ। (ਏਜੰਸੀ)