ਭੂ-ਮੱਧ ਸਾਗਰ 'ਚ 63 ਸ਼ਰਨਾਰਥੀ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੀਬੀਆ ਦੀ ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਇਕ ਕਿਸ਼ਤੀ ਡੁੱਬਣ ਕਾਰਨ 63 ਸ਼ਰਨਾਰਥੀ ਲਾਪਤਾ ਹਨ। ਬੁਲਾਰੇ ਨੇ ਬਚਾਏ ਗਏ ਲੋਕਾਂ ਦੇ ਹਵਾਲੇ ਤੋਂ ਇਹ...

Migrant Missing in Mediterranean Sea

ਤ੍ਰਿਪੋਲੀ, ਲੀਬੀਆ ਦੀ ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਇਕ ਕਿਸ਼ਤੀ ਡੁੱਬਣ ਕਾਰਨ 63 ਸ਼ਰਨਾਰਥੀ ਲਾਪਤਾ ਹਨ। ਬੁਲਾਰੇ ਨੇ ਬਚਾਏ ਗਏ ਲੋਕਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਹੈ।ਜਨਰਲ ਅਯੂਬ ਕਾਸਿਮ ਨੇ ਦਸਿਆ ਕਿ ਲਾਈਫ਼ ਜੈਕੇਟ ਪਹਿਨੇ 41 ਸ਼ਰਨਾਰਥੀਆਂ ਨੂੰ ਬਚਾ ਲਿਆ ਗਿਆ ਹੈ। ਜ਼ਿੰਦਾ ਬਚੇ ਲੋਕਾਂ ਮੁਤਾਬਕ ਕਿਸ਼ਤੀ 'ਚ 104 ਲੋਕ ਸਵਾਰ ਸਨ। ਕਿਸ਼ਤੀ ਪੂਰਬੀ ਤ੍ਰਿਪੋਲੀ ਦੇ ਗਾਰਬੋਲੀ 'ਚ ਡੁੱਬੀ ਸੀ।

ਇਨ੍ਹਾਂ 41 ਲੋਕਾਂ ਤੋਂ ਇਲਾਵਾ ਲੀਬੀਆ ਦੀ ਇਕ ਤਟ ਰਖਿਅਕ ਕਿਸ਼ਤੀ ਸੋਮਵਾਰ ਨੂੰ ਇਸੇ ਇਲਾਕੇ 'ਚ ਦੋ ਹੋਰ ਮੁਹਿੰਮਾਂ ਵਿਚ ਬਚਾਏ ਗਏ 54 ਬੱਚਿਆਂ ਅਤੇ 29 ਔਰਤਾਂ ਸਮੇਤ 235 ਸ਼ਰਨਾਥੀਆਂ ਨੂੰ ਲੈ ਕੇ ਪਰਤੀ। ਕਿਸ਼ਤੀ ਟੁੱਟਣ ਦੀ ਘਟਨਾ ਤੋਂ ਇਲਾਵਾ ਬੀਤੇ ਸ਼ੁਕਰਵਾਰ ਅਤੇ ਐਤਵਾਰ ਵਿਚਕਾਰ ਭੂਮੱਧ ਸਾਗਰ 'ਚ ਲਗਭਗ 170 ਸ਼ਰਨਾਰਥੀ ਲਾਪਤਾ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਸ਼ੁਕਰਵਾਰ ਭੂਮੱਧ ਸਾਗਰ 'ਚ ਕਿਸ਼ਤੀ ਡੁੱਬਣ ਕਾਰਨ ਲੀਬੀਆ ਦੇ ਤਟ 'ਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ 100 ਜਣੇ ਲਾਪਤਾ ਹਨ। ਯੂਰਪੀ ਤਟਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਅਫ਼ਰੀਕੀ ਸ਼ਨਾਰਥੀਆਂ ਲਈ ਲੀਬੀਆ ਇਕ ਮੁੱਖ ਆਵਾਜਾਈ ਕੇਂਦਰ ਹੈ। (ਪੀਟੀਆਈ)