ਤੁਰਕੀ ਦੀ ਪਟਾਕਾ ਫ਼ੈਕਟਰੀ ’ਚ ਧਮਾਕਾ, 2 ਹਲਾਕ ਤੇ 73 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰ-ਪਛਮੀ ਤੁਰਕੀ ਵਿਚ ਪਟਾਕੇ ਬਣਾਉਣ ਵਾਲੇ ਇਕ ਕਾਰਖਾਨੇ ਵਿਚ ਧਮਾਕਾ ਹੋਣ ਕਾਰਣ ਸ਼ੁਕਰਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ

File Photo

ਅੰਕਾਰਾ, 3 ਜੁਲਾਈ : ਉਤਰ-ਪਛਮੀ ਤੁਰਕੀ ਵਿਚ ਪਟਾਕੇ ਬਣਾਉਣ ਵਾਲੇ ਇਕ ਕਾਰਖਾਨੇ ਵਿਚ ਧਮਾਕਾ ਹੋਣ ਕਾਰਣ ਸ਼ੁਕਰਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 73 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਗਵਰਨਰ ਕੇਟਿਨ ਓਕਟਾਏ ਕਾਲਡੀਰਿਮ ਨੇ ਸਰਕਾਰੀ ਅਨਾਦੋਲੂ ਏਜੰਸੀ ਨੂੰ ਦਸਿਆ ਕਿ ਸਕਾਰਿਆ ਸੂਬੇ ਦੇ ਹੇਨਦੇਕ ਸ਼ਹਿਰ ਦੇ ਬਾਹਰ ਸਥਿਤ ਕਾਰਖਾਨੇ ਵਿਚ ਤਕਰੀਬਨ 150 ਮਜ਼ਦੂਰ ਸਨ। ਸਿਹਤ ਮੰਤਰੀ ਪਾਰੇਟਿਨ ਕੋਕਾ ਨੇ ਟਵੀਟ ਕੀਤਾ ਕਿ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ

ਉਥੇ ਹੀ 73 ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ 85 ਐਂਬੂਲੈਂਸਾਂ, ਦੋ ਹਵਾਈ ਐਂਬੂਲੈਂਸਾਂ ਤੇ 11 ਬਚਾਅ ਦਲਾਂ ਨੂੰ ਭੇਜਿਆ ਗਿਆ ਹੈ। ਖਬਰਾਂ ਮੁਤਾਬਕ ਕਈ ਦਮਕਲ ਟੀਮਾਂ ਨੂੰ ਫ਼ੈਕਟਰੀ ਭੇਜਿਆ ਗਿਆ ਜੋ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਥਿਤ ਹਨ। ਫ਼ੈਕਟਰੀ ਵਿਚ ਧਮਾਕੇ ਜਾਰੀ ਰਹਿਣ ਕਾਰਣ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਰੁਕਾਵਟ ਪੈਦਾ ਹੋਈ। ਧਮਾਕਾ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੇਬਰਤੁਰਕ ਟੈਲੀਵਿਜ਼ਨ ਨੇ ਕਿਹਾ ਕਿ ਅਧਿਕਾਰੀਆਂ ਨੇ ਫ਼ੈਕਟਰੀ ਵਲ ਜਾਣ ਵਾਲੇ ਰਸਤਿਆਂ ਨੂੰ ਰੋਕ ਦਿਤਾ ਹੈ। ਮਜ਼ਦੂਰਾਂ ਦੇ ਪ੍ਰਵਾਰ ਵਾਲੇ ਉਨ੍ਹਾਂ ਦਾ ਹਾਲ ਜਾਨਣ ਲਈ ਮੌਕੇ ’ਤੇ ਪਹੁੰਚ ਰਹੇ ਸਨ।    
    (ਪੀਟੀਆਈ)