ਅਮਰੀਕੀ ਸੰਸਦ ਨੇ ਹਾਂਗਕਾਂਗ ਮਾਮਲੇ ’ਤੇ ਚੀਨ ਵਿਰੁਧ ਬਿੱਲ ਕੀਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸੰਸਦ ਨੇ ਹਾਂਗਕਾਂਗ ਵਿਚ ਸਖ਼ਤ ‘‘ਰਾਸ਼ਟਰੀ ਸੁਰੱਖਿਆ’’ ਕਾਨੂੰਨ ਦੇ ਵਿਰੁਧ ਪ੍ਰਦਰਸ਼ਨਾਂ ਵਿਚ ਚੀਨ ਦੇ ਕਦਮ ’ਤੇ ਪਾਬੰਦੀ

File Photo

ਵਾਸ਼ਿੰਗਟਨ, 3 ਜੁਲਾਈ : ਅਮਰੀਕੀ ਸੰਸਦ ਨੇ ਹਾਂਗਕਾਂਗ ਵਿਚ ਸਖ਼ਤ ‘‘ਰਾਸ਼ਟਰੀ ਸੁਰੱਖਿਆ’’ ਕਾਨੂੰਨ ਦੇ ਵਿਰੁਧ ਪ੍ਰਦਰਸ਼ਨਾਂ ਵਿਚ ਚੀਨ ਦੇ ਕਦਮ ’ਤੇ ਪਾਬੰਦੀ ਲਗਾਉਣ ਵਾਲਾ ਇਕ ਬਿੱਲ ਪਾਸ ਕਰ ਦਿਤਾ ਹੈ। ਅਮਰੀਕਾ ਦੇ ਇਸ ਬਿੱਲ ਦੇ ਤਹਿਤ ਹਾਂਗਕਾਂਗ ਵਿਚ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਸਮੇਤ ਉਹਨਾਂ ਸਮੂਹਾਂ ’ਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਜੋ ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਉਸ ਦੇ ਵਸਨੀਕਾਂ ਦੀ ਆਜ਼ਾਦੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਨਾਲ ਹੀ ਇਸ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਵਾਲੀ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ’ਤੇ ਵੀ ਪਾਬੰਦੀ ਲਗਾਈਆਂ ਜਾਣਗੀਆਂ। 

ਚੀਨ ਨੇ ਹਾਂਗਕਾਂਗ ਵਿਚ ਵੱਖਵਾਦੀ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ’ਤੇ ਕਾਰਵਾਈ ਕਰਨ ਲਈ ਵਿਵਾਦਮਈ ਕਾਨੂੰਨ ਨੂੰ ਲਾਗੂ ਕਰ ਦਿੱਤਾ ਹੈ। ਲੋਕਾਂ ਨੂੰ ਖਦਸ਼ਾ ਹੈ ਕਿ ਇਸ ਕਾਨੂੰਨ ਦੀ ਵਰਤੋਂ ਇਸ ਅਰਧ ਖੁਦਮੁਖਤਿਆਰ ਖੇਤਰ ਵਿਚ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਜਾ ਸਕਦੀ ਹੈ। ਇਸ ਬਿੱਲ ਵਿਚ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਦੇ ਨਾਲ ਕਾਰੋਬਾਰ ਕਰਦੇ ਪਾਏ ਜਾਣ ਵਾਲੇ ਬੈਂਕਾਂ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ।  ਸੈਨੇਟ ਨੇ ਵੀਰਵਾਰ ਨੂੰ ਇਸ ਬਿੱਲ ਨੂੰ ਆਖਰੀ ਮਨਜ਼ੂਰੀ ਦੇ ਦਿਤੀ। ਇਸ ਤੋਂ ਇਕ ਦਿਨ ਪਹਿਲਾਂ ਪ੍ਰਤੀਨਿਧੀ ਸਭਾ ਨੇ ਇਸ ਨੂੰ ਮਨਜ਼ੂਰੀ ਦਿਤੀ ਸੀ।

ਹੁਣ ਇਹ ਬਿੱਲ ਵ੍ਹਾਈਟ ਹਾਊਸ ਕੋਲ ਜਾਵੇਗਾ। ਸੈਨੇਟ ਵਿਚ ਵੋਟਿੰਗ ਦੇ ਮੱਦੇਨਜ਼ਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ,‘‘ਵਿਦੇਸ਼ੀ ਤਾਕਤਾਂ ਦਾ ਕੋਈ ਵੀ ਦਬਾਅ ਚੀਨ ਦੇ ਸੰਕਲਪ ਤੇ ਰਾਸ਼ਟਰੀ ਪ੍ਰਭੂਸੱਤਾ ਅਤੇ ਹਾਂਗਕਾਂਗ ਦੀ ਖੁਸ਼ਹਾਲੀ ਤੇ ਸਥਿਰਤਾ ਦੀ ਰਖਿਆ ਕਰਨ ਦੀ ਇੱਛਾ ਸ਼ਕਤੀ ਨੂੰ ਹਿਲਾ ਨਹੀਂ ਸਕਦਾ।’’ ਉਹਨਾਂ ਨੇ ਅਮਰੀਕਾ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰਨ ਅਤੇ ਹਾਂਗਕਾਂਗ ਦੇ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਾ ਕਰਨ ਅਤੇ ਪਾਬੰਦੀ ਵਾਲੇ ਬਿੱਲ ’ਤੇ ਦਸਤਖਤ ਨਾ ਕਰਨ ਦੀ ਅਪੀਲ ਕੀਤੀ।    (ਪੀਟੀਆਈ)