ਪਾਕਿਸਤਾਨ ਵਿਚ ਦਰਦਨਾਕ ਹਾਦਸਾ, 29 ਮੌਤਾਂ, ਬਹੁਤੇ ਸਿੱਖ ਯਾਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੇਟ-ਰਹਿਤ ਫਾਟਕ ’ਤੇ ਰੇਲ ਅਤੇ ਮਿੰਨੀ ਬੱਸ ਟਕਰਾਈ

Tragic accident in Pakistan, 29 killed, most Sikh passengers

ਲਾਹੌਰ, 3 ਜੁਲਾਈ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ੁਕਰਵਾਰ ਨੂੰ ਮਿੰਨੀ ਬੱਸ ਦੇ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਨ 29 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਬਹੁਤੇ ਸਿੱਖ ਯਾਤਰੀ ਸਨ। ਅਧਿਕਾਰੀਆਂ ਨੇ ਦਸਿਆ ਕਿ ਕਰਾਚੀ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਨੇ ਦੁਪਹਿਰ ਡੇਢ ਵਜੇ ਫ਼ਾਰੂਕਾਬਾਦ ਵਿਚ ਰੋਡੇ ਫਾਟਕ ’ਤੇ ਮਿੰਨੀ ਬੱਸ ਨੂੰ ਟੱਕਰ ਮਾਰ ਦਿਤੀ।

ਬੱਸ ਵਿਚ ਸਿੱਖ ਸ਼ਰਧਾਲੂ ਸਵਾਰ ਸਨ। ਘਟਨਾ ਵਾਲੀ ਥਾਂ ਲਾਹੌਰ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦਸਿਆ ਕਿ ਹਾਦਸੇ ਵਿਚ ਘੱਟੋ ਘੱਟ 29 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਬਹੁਤੇ ਪਾਕਿਸਤਾਨੀ ਸਿੱਖ ਸਨ।  ਸੂਤਰਾਂ ਮੁਤਾਬਕ 29 ਮ੍ਰਿਤਕਾਂ ਵਿਚ 19 ਸਿੱਖ ਸਨ। 15 ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 10 ਜਣੇ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾ ਦਿਤਾ ਗਿਆ ਹੈ। ਰੇਲਵੇ ਅਧਿਕਾਰੀਆਂ ਨੈ ਦਸਿਆ ਕਿ ਹਾਦਸੇ ਦਾ ਕਾਰਨ ਗੇਟ-ਰਹਿਤ ਰੇਲਵੇ ਕਰਾਸਿੰਗ ਸੀ।

ਇਥੇ ਤੇਜ਼ ਰਫ਼ਤਾਰ ਸ਼ਾਹ ਹੁਸੈਨ ਐਕਸਪ੍ਰੈਸ ਨਿਕਲਣ ਵਾਲੀ ਸੀ। ਇਸੇ ਦੌਰਾਨ ਬੱਸ ਡਰਾਈਵਰ ਨੇ ਵੀ ਰੇਲਵੇ ਲਾਈਨ ਪਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਧਰੋਂ ਤੇਜ਼ੀ ਨਾਲ ਗੱਡੀ ਆ ਗਈ ਤੇ ਹਾਦਸਾ ਵਾਪਰ ਗਿਆ।  ਹਾਸ਼ਮੀ ਨੇ ਦਸਿਆ, ‘ਬੱਸ ਸਿੱਖ ਸ਼ਰਧਾਲੂਆਂ ਨੂੰ ਫ਼ਰੂਕਾਬਾਦ ਵਿਚ ਗੁਰਦਵਾਰਾ ਸੱਚਾ ਸੌਦਾ ਲਿਜਾ ਰਹੀ ਸੀ। ਸ਼ਰਧਾਲੂ ਪੇਸ਼ਾਵਰ ਤੋਂ ਨਨਕਾਣਾ ਸਾਹਿਬ ਆਏ ਸਨ ਅਤੇ ਉਥੇ ਰੁਕਣ ਮਗਰੋਂ ਪੇਸ਼ਾਵਰ ਜਾ ਰਹੇ ਸਨ। ਨਨਕਾਣਾ ਸਾਹਿਬ ਦੀ ਹੱਦ ਤਕ ਉਨ੍ਹਾਂ ਨੂੰ ਈਟੀਪੀਬੀ ਦੀ ਸੁਰੱਖਿਆ ਦਿਤੀ ਗਈ ਸੀ।

ਰੇਲ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਬਚਾਅ ਟੀਮ ਘਟਨਾ ਸਥਾਨ ’ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਰੇਲਵੇ ਨੇ ਕਿਹਾ ਕਿ ਰੇਲਵੇ ਦੇ ਇੰਜਨੀਅਰ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਤੁਰਤ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਸਹਾਇਤਾ ਦੇਣ ਲਈ ਆਖਿਆ ਹੈ। (ਏਜੰਸੀ)  

ਸਿੱਖ ਸ਼ਰਧਾਲੂਆਂ ਦੀ ਮੌਤ ਤੋਂ ਦੁਖੀ ਹਾਂ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਸ਼ਰਧਾਲੂਆਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਟਵਿਟਰ ’ਤੇ ਕਿਹਾ, ‘ਪਾਕਿਸਤਾਨ ਵਿਚ ਸਿੱਖ ਸ਼ਰਧਾਲੂਆਂ ਦੀ ਦੁਖਦ ਮੌਤ ਕਾਰਨ ਸਦਮੇ ਵਿਚ ਹਾਂ। ਦੁੱਖ ਦੀ ਇਸ ਘੜੀ ਵਿਚ ਮੇਰੀਆਂ ਸੰਵੇਦਨਾਵਾਂ ਅਤੇ ਹਮਦਰਦੀ ਉਨ੍ਹਾਂ ਦੇ ਪਰਵਾਰਾਂ ਅਤੇ ਦੋਸਤਾਂ ਨਾਲ ਹੈ।’ ਉਨ੍ਹਾਂ ਕਿਹਾ, ‘ਮੈਂ ਜ਼ਖ਼ਮੀ ਸ਼ਰਧਾਲੂਆਂ ਦੇ ਛੇਤੀ ਸਿਹਤਯਾਬ ਹੋਣ ਦੀ ਉਮੀਦ ਕਰਦਾ ਹਾਂ।’