ਅਮਰੀਕਾ: ਗਰਮਖਿਆਲੀਆਂ ਨੇ 6 ਮਹੀਨਿਆਂ 'ਚ ਦੂਜੀ ਵਾਰ ਭਾਰਤੀ ਅੰਬੈਸੀ 'ਤੇ ਕੀਤਾ ਹਮਲਾ, ਅਮਰੀਕਾ ਨੇ ਕੀਤੀ ਨਿੰਦਾ
ਅਮਰੀਕਾ 'ਚ ਮਾਰਚ ਮਹੀਨੇ ਦੌਰਾਨ ਹੋਏ ਪ੍ਰਦਰਸ਼ਨਾਂ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਸੀ
ਅਮਰੀਕਾ - ਅਮਰੀਕਾ ਨੇ ਐਤਵਾਰ (2 ਜੁਲਾਈ) ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਵਿਚ ਗਰਮਖਿਆਲੀ ਸਮਰਥਕਾਂ ਵੱਲੋਂ ਕੀਤੀ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ। ਅਮਰੀਕਾ ਦੇ ਇਕ ਸਥਾਨਕ ਚੈਨਲ ਨੇ ਦੱਸਿਆ ਕਿ ਗਰਮਖਿਆਲੀਆਂ ਨੇ ਭਾਰਤੀ ਕੌਂਸਲੇਟ ਨੂੰ ਸਵੇਰੇ 1:30 ਵਜੇ ਤੋਂ 2:30 ਵਜੇ ਦਰਮਿਆਨ ਅੱਗ ਲਗਾ ਦਿੱਤੀ, ਪਰ ਸਾਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਗ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ। ਖਾਲਿਸਤਾਨ ਸਮਰਥਕਾਂ ਨੇ ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕਾ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਦੇ ਖਿਲਾਫ਼ ਕਥਿਤ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਸੰਯੁਕਤ ਰਾਜ ਵਿੱਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਦੇ ਖਿਲਾਫ ਭੰਨਤੋੜ ਜਾਂ ਹਿੰਸਾ ਇੱਕ ਅਪਰਾਧਿਕ ਅਪਰਾਧ ਹੈ।
ਇਹ ਘਟਨਾ ਕੁਝ ਮਹੀਨਿਆਂ ਬਾਅਦ ਆਈ ਹੈ ਜਦੋਂ ਮਾਰਚ ਵਿਚ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲੇਟ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਦੀ ਭਾਰਤ ਸਰਕਾਰ ਅਤੇ ਭਾਰਤੀ-ਅਮਰੀਕੀਆਂ ਦੁਆਰਾ ਸਖ਼ਤ ਨਿੰਦਾ ਕੀਤੀ ਗਈ ਸੀ। ਉਨ੍ਹਾਂ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਅਮਰੀਕਾ 'ਚ ਮਾਰਚ ਮਹੀਨੇ ਦੌਰਾਨ ਹੋਏ ਪ੍ਰਦਰਸ਼ਨਾਂ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਾਏ ਆਰਜ਼ੀ ਸੁਰੱਖਿਆ ਘੇਰੇ ਨੂੰ ਵੀ ਤੋੜ ਦਿੱਤਾ। ਇਸ ਤੋਂ ਇਲਾਵਾ ਵਣਜ ਦੂਤਘਰ ਦੇ ਅੰਦਰ ਦੋ ਖਾਲਿਸਤਾਨੀ ਝੰਡੇ ਲਾਏ ਗਏ। ਹਾਲਾਂਕਿ, ਇਨ੍ਹਾਂ ਝੰਡਿਆਂ ਨੂੰ ਦੋ ਕੌਂਸਲੇਟ ਕਰਮਚਾਰੀਆਂ ਦੁਆਰਾ ਜਲਦੀ ਹੀ ਹਟਾ ਦਿੱਤਾ ਗਿਆ ਸੀ।