ਵੀਅਤਨਾਮ ਨੇ ਰਿਲੀਜ਼ ਤੋਂ ਪਹਿਲਾਂ ਹੀ ‘ਬਾਰਬੀ’ ਫ਼ਿਲਮ ’ਤੇ ਲਾਈ ਪਾਬੰਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ਿਲਮ ਦੌਰਾਨ ਵਿਖਾਏ ਇਕ ਨਕਸ਼ੇ ’ਚ ਵਿਵਾਦਿਤ ਇਲਾਕਿਆਂ ਨੂੰ ਚੀਨ ਦੇ ਕਬਜ਼ੇ ਹੇਠ ਵਿਖਾਉਣ ਨੂੰ ਲੈ ਕੇ ਲਾਈ ਪਾਬੰਦੀ

photo

 

ਹਨੋਈ: ਵੀਅਤਨਾਮ ਸਰਕਾਰ ਨੇ ਹਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਬਾਰਬੀ’ ਦੀ ਰਿਲੀਜ਼ ’ਤੇ ਅਪਣੇ ਦੇਸ਼ ’ਚ ਪਾਬੰਦੀ ਲਾ ਦਿਤੀ ਹੈ ਕਿਉਂਕਿ ਫ਼ਿਲਮ ਦੌਰਾਨ ਵਿਖਾਏ ਇਕ ਨਕਸ਼ੇ ’ਚ ਦਖਣੀ ਚੀਨ ਸਾਗਰ ਦੇ ਇਕ ਵਿਵਾਦਿਤ ਇਲਾਕੇ ਨੂੰ ਚੀਨ ’ਚ ਵਿਖਾਇਆ ਗਿਆ ਹੈ।

ਦੇਸ਼ ਦੀ ਇਕ ਅਖ਼ਬਾਰ ‘ਵੀਅਤਨਾਮ ਐਕਸਪ੍ਰੈੱਸ’ ਅਤੇ ਹੋਰ ਮੀਡੀਆ ਦੀਆਂ ਖ਼ਬਰਾਂ ’ਚ ਕਿਹਾ ਗਿਆ ਹੈ ਕਿ ਸੋਮਵਾਰ ਦੇ ਫੈਸਲੇ ਤੋਂ ਬਾਅਦ ਫ਼ਿਲਮ ਡਿਸਟ੍ਰੀਬਿਊਟਰਾਂ ਦੀ ਵੈੱਬਸਾਈਟ ਤੋਂ ‘ਬਾਰਬੀ’ ਦਾ ਇਸ਼ਤਿਹਾਰ ਕਰਨ ਵਾਲੇ ਪੋਸਟਰ ਹਟਾ ਦਿਤੇ ਗਏ। ਵੀਅਤਨਾਮ ਦੇ ਸਿਨੇਮਾ ਘਰਾਂ ’ਚ ‘ਬਾਰਬੀ’ 21 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ। ਇਸ ’ਚ ਮਾਰਗਰੋਟ ਰੌਬੀ ਨੇ ਬਾਰਬੀ ਦੀ ਭੂਮਿਕਾ ਨਿਭਾਈ ਹੈ। ਗ੍ਰੇਟਾ ਗੇਵਰਿੰਗ ਦੀ ਇਸ ਕਾਮੇਡੀ ਫ਼ਿਲਮ ’ਚ ਰਿਆਨ ਗੋਸਲਿੰਗ, ਕੇਨ ਦੀ ਭੂਮਿਕਾ ’ਚ ਹਨ।

ਖ਼ਬਰਾਂ ’ਚ ਵੀਅਤਨਾਮ ਸਿਨੇਮਾ ਵਿਭਾਗ ਦੇ ਡਾਇਰੈਕਟਰ ਜਨਰਲ ਵੀ ਕੀਨ ਥਾਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੌਮੀ ਫ਼ਿਲਮ ਮੁਲਾਂਕਣ ਕੌਂਸਲ ਨੇ ਇਹ ਫੈਸਲਾ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਫਿਲਮ ’ਚ ਇਕ ਨਕਸ਼ਾ ਚੀਨ ਦੀ ‘ਨਾਈਨ-ਡੈਸ਼ ਲਾਈਨ’ ਨੂੰ ਦਰਸਾਉਂਦਾ ਹੈ, ਜੋ ਵੀਅਤਨਾਮ ਅਤੇ ਹੋਰ ਦੇਸ਼ਾਂ ਦੇ ਘੇਰੇ ’ਚ ਆਉਣ ਵਾਲੇ ਜਲ ਖੇਤਰ ’ਤੇ ਬੀਜਿੰਗ ਦੇ ਇਲਾਕਾਈ ਦਾਅਵਿਆਂ ਨੂੰ ਵਿਖਾ ਰਿਹਾ ਹੈ।

‘ਨਾਈਨਡ-ਡੈਸ਼ ਲਾਈਨ’ ਚੀਨ ਅਤੇ ਉਸ ਦੇ ਗੁਆਂਢੀਆਂ ਲਈ ਇਕ ਰਹੱਸਮਈ ਪਰ ਸੰਵੇਦਨਸ਼ੀਲ ਮੁੱਦਾ ਹੈ। ਇਹ ਦਖਣੀ ਚੀਨ ਸਾਗਰ ਦੇ ਜ਼ਿਆਦਾਤਰ ਹਿੱਸੇ ’ਤੇ ਕਬਜ਼ੇ ਦੇ ਬੀਜਿੰਗ ਦੇ ਦਾਅਵਿਆਂ ਨੂੰ ਦਰਸਾਉਂਦਾ ਹੈ, ਜਿਸ ’ਚ ਵੀਅਤਨਾਮ, ਮਲੇਸ਼ੀਆ ਅਤੇ ਫ਼ਿਲੀਪੀਨਜ਼ ਨਾਮਨਜ਼ੂਰ ਕਰਦੇ ਹਨ।

2016 ’ਚ ਕੌਮਾਂਤਰੀ ਅਦਾਲਤ ਨੇ ਕਿਹਾ ਸੀ ਕਿ ‘ਨਾਈਨ-ਡੈਸ਼ ਲਾਈਨ’ ਦਾ ਕੋਈ ਕਾਨੂੰਨ ਅਧਿਕਾਰ ਨਹੀਂ ਹੈ ਅਤੇ ਫ਼ਿਲੀਪੀਨਜ਼ ਉਸ ਵਿਸ਼ੇਸ਼ ਆਰਥਕ ਖੇਤਰ ਦਾ ਹੱਕਦਾਰ ਹੈ ਜਿਸ ’ਤੇ ਬੀਜਿੰਗ ਦਾਅਵਾ ਕਰਦਾ ਹੈ। ਚੀਨ ਨੇ ਹਾਲਾਂਕਿ ਇਹ ਫੈਸਲਾ ਨਾਮਨਜ਼ੂਰ ਕਰ ਦਿਤਾ ਸੀ।

ਚੀਨ ਦਾ ਕਹਿਣਾ ਹੈ ਕਿ ਦਖਣੀ ਚੀਨ ਸਾਗਰ ਦਾ ਜ਼ਿਆਦਾਤਰ ਹਿੱਸਾ ਉਸ ਦੀ ‘ਨਾਈਨ-ਡੈਸ਼ ਲਾਈਨ’ ਹੇਠ ਆਉਂਦਾ ਹੈ। ਚੀਨ ਅਪਣੀ ‘ਨਾਈਨ-ਡੈਸ਼ ਲਾਈਨ’ ਨੂੰ ਅਪਣੀ ਸਮੁੰਦਰੀ ਹੱਦ ਦੱਸਣ ਲਈ ਪ੍ਰਯੋਗ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਦਾ ਆਸੀਆਨ ਦੇਸ਼ਾਂ - ਇੰਡੋਨੇਸ਼ੀਆ, ਵਿਅਤਨਾਮ, ਮਲੇਸ਼ੀਆ, ਬਰੁਨੇਈ ਅਤੇ ਫ਼ਿਲੀਪੀਨਜ਼ ਨਾਲ ਵਿਵਾਦ ਚਲਦਾ ਰਹਿੰਦਾ ਹੈ।