ਸੂਖਮ ਕੁਆਂਟਮ ਡੌਟਸ ’ਤੇ ਕੰਮ ਕਰਨ ਲਈ ਤਿੰਨ ਵਿਗਿਆਨੀਆਂ ਨੂੰ ਮਿਲਿਆ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਵੀਡਿਸ਼ ਮੀਡੀਆ ਨੇ ਪੁਰਸਕਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਜੇਤੂਆਂ ਦੇ ਨਾਂ ਦੀ ਖ਼ਬਰ ਪ੍ਰਸਾਰਿਤ ਕਰ ਦਿਤੀ, ਜਾਂਚ ਸ਼ੁਰੂ

Winners

ਸਟਾਕਹੋਮ: ਸੂਖਮ ਕੁਆਂਟਮ ਡੌਟਸ ’ਤੇ ਕੰਮ ਕਰਨ ਲਈ ਮਾਉਂਗੀ ਬਾਵੇਂਡੀ, ਲੁਈ ਬਰੂਸ ਅਤੇ ਅਲੈਕਸੀ ਏਕਿਮੋਵ ਨੂੰ ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਕੁਆਂਟਮ ਡੌਟਸ ਸੂਖਮ ਕਣ ਹੁੰਦੇ ਹਨ ਜੋ ਬਹੁਤ ਹੀ ਚਮਕਦਾਰ ਰੰਗ ਦੀ ਰੌਸ਼ਨੀ ਨੂੰ ਛੱਡ ਸਕਦੇ ਹਨ। ਇਨ੍ਹਾਂ ਨੂੰ ਟੀ.ਵੀ. ਵਰਗੇ ਇਲੈਕਟ੍ਰੋਨਿਕਸ ਅਤੇ ਇਲਾਜ ਦੇ ਖੇਤਰ ’ਚ ਤਸਵੀਰਾਂ ਖਿੱਚਣ ਲਈ ਵਰਤੇ ਜਾਂਦੇ ਹਨ।

‘ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼’ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮ.ਆਈ.ਟੀ.) ਦੀ ਮਾਉਂਗੀ ਬਾਵੇਂਡੀ, ਕੋਲੰਬੀਆ ਯੂਨੀਵਰਸਿਟੀ ਦੇ ਲੁਈ ਬਰੂਸ ਅਤੇ ਨੈਨੋਕ੍ਰਿਸਟਲ ਟੈਕਨਾਲੋਜੀ ਇੰਕ. ਦੇ ਅਲੈਕਸੀ ਏਕਿਮੋਵ ਨੂੰ ਸਿਰਫ ਕੁਝ ਪਰਮਾਣੂਆਂ ਦੇ ਵਿਆਸ ਵਾਲੇ ਸੂਖਮ ਕਣਾਂ ’ਤੇ ਕੰਮ ਕਰਨ ਲਈ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। 

ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਕਿਹਾ, ‘‘ਇਹ ਸੂਖਮ ਕਣਾਂ ’ਚ ਵਿਸ਼ੇਸ਼ ਗੁਣ ਹੁੰਦੇ ਹਨ ਅਤੇ ਅੱਜਕੱਲ੍ਹ ਟੈਲੀਵਿਜ਼ਨ ਸਕ੍ਰੀਨਾਂ ਅਤੇ ਐੱਲ.ਈ.ਡੀ. ਬਲਬਾਂ ਰਾਹੀਂ ਰੌਸ਼ਨੀ ਫੈਲਾਉਣ ਲਈ ਵਰਤੇ ਜਾਂਦੇ ਹਨ। ਇਹ ਰਸਾਇਣਕ ਪ੍ਰਤੀਕ੍ਰਿਆਵਾਂ ਨੂੰ ਪੈਦਾ ਕਰਦੇ ਹਨ ਅਤੇ ਉਨ੍ਹਾਂ ਦੀ ਸਪਸ਼ਟ ਰੌਸ਼ਨੀ ਇਕ ਸਰਜਨ ਲਈ ਟਿਊਮਰ ਟਿਸ਼ੂ ਨੂੰ ਰੌਸ਼ਨ ਕਰ ਸਕਦੀ ਹੈ।’’

ਸਨਮਾਨਤ ਕੀਤੇ ਜਾਣ ਵਾਲੇ ਵਿਗਿਆਨੀਆਂ ਦੇ ਨਾਂ ਲੀਕ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਕਿਉਂਕਿ ਸਵੀਡਿਸ਼ ਮੀਡੀਆ ਨੇ ਪੁਰਸਕਾਰਾਂ ਦੇ ਐਲਾਨ ਤੋਂ ਪਹਿਲਾਂ ਜੇਤੂਆਂ ਦੇ ਨਾਂ ਦੀ ਖ਼ਬਰ ਪ੍ਰਸਾਰਿਤ ਕਰ ਦਿਤੀ।

ਅਕਾਦਮੀ ਦੇ ਸਕੱਤਰ ਜਨਰਲ ਹੰਸ ਐਲਗ੍ਰੇਨ ਨੇ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਇਕ ਪ੍ਰੈਸ ਰਿਲੀਜ਼ ਭੇਜੀ ਗਈ ਸੀ, ਜਿਸ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ’ਚ ਕੀ ਹੋਇਆ ਸੀ। ਇਹ ਬਹੁਤ ਮੰਦਭਾਗਾ ਹੈ, ਜੋ ਹੋਇਆ ਸਾਨੂੰ ਅਫਸੋਸ ਹੈ।’’

ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਖੇਤਰਾਂ ’ਚ ਇਨਾਮ ਦੇਣ ਵਾਲੀ ਅਕਾਦਮੀ, ਦੁਨੀਆ ਭਰ ਦੀਆਂ ਹਜ਼ਾਰਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਅਤੇ ਹੋਰ ਵਿਦਵਾਨਾਂ ਤੋਂ ਇਕ ਸਾਲ ਪਹਿਲਾਂ ਨਾਮਜ਼ਦਗੀਆਂ ਮੰਗਦੀ ਹੈ। ਹਰ ਪੁਰਸਕਾਰ ਲਈ ਇਕ ਕਮੇਟੀ ਸਾਲ ਭਰ ਦੀਆਂ ਮੀਟਿੰਗਾਂ ਦੀ ਲੜੀ ’ਚ ਨਾਮਜ਼ਦ ਵਿਅਕਤੀਆਂ ਬਾਰੇ ਚਰਚਾ ਕਰਦੀ ਹੈ। ਪ੍ਰਕਿਰਿਆ ਦੇ ਅੰਤ ’ਚ, ਕਮੇਟੀ ਵੋਟਿੰਗ ਲਈ ਅਕਾਦਮੀ ਨੂੰ ਇਕ ਜਾਂ ਇਕ ਤੋਂ ਵੱਧ ਸਿਫ਼ਾਰਸ਼ ਪੇਸ਼ ਕਰਦੀ ਹੈ। ਵਿਚਾਰ-ਵਟਾਂਦਰੇ, ਜਿਨ੍ਹਾਂ ’ਚ ਜੇਤੂਆਂ ਤੋਂ ਇਲਾਵਾ ਹੋਰ ਨਾਮਜ਼ਦ ਵਿਅਕਤੀਆਂ ਦੇ ਨਾਵਾਂ ਸ਼ਾਮਲ ਹਨ, ਨੂੰ 50 ਸਾਲਾਂ ਲਈ ਗੁਪਤ ਰਖਿਆ ਜਾਂਦਾ ਹੈ।

ਅਕੈਡਮੀ ਨੇ ਕਿਹਾ ਕਿ ਅਕੀਮੋਵ (78), ਅਤੇ ਬਰੂਸ (80), ਤਕਨਾਲੋਜੀ ਦੇ ਖੇਤਰ ’ਚ ਮੋਢੀ ਰਹੇ ਹਨ, ਜਦੋਂ ਕਿ ਬਾਵੇਂਡੀ (62) ਨੂੰ ਕੁਆਂਟਮ ਡੌਟਸ ਦੇ ਉਤਪਾਦਨ ’ਚ ਕ੍ਰਾਂਤੀ ਲਿਆਉਣ ਦਾ ਸਿਹਰਾ ਦਿਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਲਗਭਗ ਸੰਪੂਰਨ ਕਣ ਪੈਦਾ ਹੋਏ। ਅਕਾਦਮੀ ਨੇ ਕਿਹਾ ਕਿ ਵਰਤੋਂ ਲਈ ਇਹ ਉੱਚ ਮਿਆਰ ਦੀ ਜ਼ਰੂਰੀ ਸੀ।