ਹਾਂਗਕਾਂਗ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਖ਼ੂਨੀ ਝੜਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਾਪਿੰਗ ਮਾਲ ’ਚ ਦਾਖ਼ਲ ਹੋ ਗਏ ਸਨ ਪ੍ਰਦਰਸ਼ਨਕਾਰੀ

protesters and police in Hong Kong

ਹਾਂਗਕਾਂਗ: ਹਾਂਗਕਾਂਗ ਵਿਚ ਸਰਕਾਰ ਦੇ ਵਿਰੁੱਧ ਸ਼ੁਰੂ ਹੋਇਆ ਪ੍ਰਦਰਸ਼ਨ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਬੀਤੇ 22 ਹਫ਼ਤਿਆਂ ਤੋਂ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ’ਤੇ ਉਤਰ ਕੇ ਸਰਕਾਰ ਵਿਰੁੱਧ ਲਾਮਬੰਦ ਹੋ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਸ਼ਾਂਤੀਪੂਰਨ ਢੰਗ ਨਾਲ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੁਣ ਹਿੰਸਕ ਰੂਪ ਧਾਰਨ ਕਰ ਚੁੱਕਿਆ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਇਕ ਸ਼ਾਪਿੰਗ ਮਾਲ ਵਿਚ ਦਾਖ਼ਲ ਹੋ ਕੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਇਹ ਟਕਰਾਅ ਖ਼ੂਨੀ ਰੂਪ ਧਾਰਨ ਕਰ ਗਿਆ। ਇਸ ਦੌਰਾਨ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸ਼ਾਪਿੰਗ ਮਾਲ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚ ਹੋਏ ਇਸ ਸੰਘਰਸ਼ ਦੌਰਾਨ ਇਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਇਕ ਸਥਾਨਕ ਨੇਤਾ ਦਾ ਚਾਕੂ ਨਾਲ ਕੰਨ ਕੱਟ ਦਿੱਤਾ।

ਤਾਇਕੁ ਸ਼ਿੰਗ ਦੀ ਪੂਰਬੀ ਸਿਟੀ ਪਲਾਜ਼ਾ ਵਿਚ ਇਕ ਮਨੁੱਖੀ ਲੜੀ ਦੇ ਰੂਪ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਪੁਲਿਸ ਦੇ ਨਾਲ ਟਾਕਰਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ। ਪੁਲਿਸ ਵੱਲੋਂ ਡੰਡੇ ਦੇ ਜ਼ੋਰ ’ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਇਸ ਦੌਰਾਨ ਉਨ੍ਹਾਂ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਚੀਕ-ਚੀਕ ਕੇ ਬਲੈਕ ਪੁਲਿਸ ਦੇ ਨਾਅਰੇ ਲਗਾ ਰਹੇ ਸਨ।

ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖੀ ਤਾਂ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਸੁੱਟ ਦਿੱਤੇ, ਜਿਸ ਕਾਰਨ ਉਥੇ ਭਗਦੜ ਮਚ ਗਈ। ਇਸ ਦੌਰਾਨ ਪੁਲਿਸ ਨੇ ਪੱਤਰਕਾਰਾਂ ਨੂੰ ਵੀ ਨਹੀਂ ਬਖ਼ਸ਼ਿਆ। ਪੁਲਿਸ ਨੇ ਉਨ੍ਹਾਂ ’ਤੇ ਵੀ ਮਿਰਚ ਦੇ ਸਪਰੇਅ ਦੀ ਵਰਤੋਂ ਉਸ ਸਮੇਂ ਕੀਤੀ ਜਦੋਂ ਉਹ ਪੁਲਿਸ ਦੇ ਕਾਫੀ ਨੇੜੇ ਆ ਕੇ ਇਸ ਪੂਰੇ ਸੰਘਰਸ਼ ਦੀ ਕਵਰੇਜ਼ ਕਰ ਰਹੇ ਸਨ।

ਇਸ ਦੇ ਨਾਲ ਹੀ ਪੁਲਿਸ ਨੇ ਇਕ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਨੇ ਫਾਈਰਿੰਗ ਵੀ ਕੀਤੀ ਜਿਸ ਵਿਚ ਕਈਆਂ ਦੇ ਗੋਲੀਆਂ ਵੀ ਲੱਗੀਆਂ ਪਰ ਕਿਸੇ ਦੀ ਮੌਤ ਨਹੀਂ ਹੋਈ। ਦਰਅਸਲ ਦੁਨੀਆ ਦੇ ਵੱਡੇ ਕਾਰੋਬਾਰੀ ਹੱਬ ਅਤੇ ਅਲਫ਼ਾ ਪਲੱਸ ਸ਼ਹਿਰਾਂ ਵਿਚ ਸ਼ੁਮਾਰ ਹੋਣ ਵਾਲੇ ਹਾਂਗਕਾਂਗ ਨੂੰ ਬ੍ਰਿਟੇਨ ਨੇ ਸਾਲ 1997 ਵਿਚ ਖ਼ੁਦਮੁਖ਼ਤਿਆਰੀ ਦੀ ਸ਼ਰਤ ’ਤੇ ਚੀਨ ਨੂੰ ਸੌਂਪਿਆ ਸੀ ਪਰ ਹੁਣ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਕ ਨਵੇਂ ਹਵਾਲਗੀ ਬਿਲ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ।

ਬਿਲ ਦਾ ਵਿਰੋਧ ਕਰਨ ਵਾਲੇ ਲੋਕ ਚੀਨ ਅਤੇ ਹਾਂਗਕਾਂਗ ਨੂੰ ਅਲੱਗ-ਅਲੱਗ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਵਾਲਗੀ ਬਿਲ ਵਿਚ ਕੀਤੀ ਗਈ ਸੋਧ ਹਾਂਗਕਾਂਗ ਦੀ ਖ਼ੁਦਮੁਖਤਿਆਰੀ ਨੂੰ ਪ੍ਰਭਾਵਤ ਕਰੇਗੀ। ਫਿਲਹਾਲ ਪੁਲਿਸ ਵੱਲੋਂ ਦਿਖਾਈ ਜਾ ਰਹੀ ਸਖ਼ਤੀ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਦਾ ਸਰਕਾਰ ਵਿਰੁੱਧ ਗੁੱਸਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੇਖਣਾ ਹੋਵੇਗਾ ਕਿ ਸਰਕਾਰ ਹੁਣ ਇਸ ਮਾਮਲੇ ਵਿਚ ਕੀ ਕਦਮ ਉਠਾਏਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।