ਨੇਪਾਲੀ ਆਗੂਆਂ ਦਾ ਦਾਅਵਾ: ਚੀਨ ਨੇ ਫ਼ੌਜੀ ਠਿਕਾਣੇ ਬਨਾਉਣ ਲਈ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕੀਤਾ
ਨੇਪਾਲੀ ਆਗੂਆਂ ਮੁਤਾਬਕ ਪੰਜ ਸਰਹੱਦੀ ਜ਼ਿਲ੍ਹਿਆਂ ਦੀ ਜ਼ਮੀਨ 'ਤੇ ਕੀਤਾ ਕਥਿਤ ਕਬਜ਼ਾ
ਕਾਠਮੰਡੂ : ਚੀਨ ਨੇਪਾਲ ਦੀ 150 ਹੈਕਟੇਅਰ ਖੇਤਰ 'ਤੇ ਕਬਜ਼ਾ ਕਰ ਕੇ ਫ਼ੌਜੀ ਠਿਕਾਣੇ ਬਣਾ ਰਿਹਾ ਹੈ। ਨੇਪਾਲੀ ਸਿਆਸੀ ਆਗੂਆਂ ਨੇ ਇਹ ਦੋਸ਼ ਲਗਾਏ ਹਨ। ਬ੍ਰਿਟੇਨ ਸਥਿਤ ਟੇਲੀਗ੍ਰਾਫ਼ ਦੀ ਇਕ ਰਿਪੋਰਟ ਦੇ ਮੁਤਾਬਕ, ਚੀਨ ਨੇ ਮਈ ਵਿਚ ਪੰਜ ਸਰਹੱਦੀ ਜ਼ਿਲ੍ਹਿਆਂ ਦੀ ਜ਼ਮੀਨ ਕਥਿਤ ਤੌਰ 'ਤੇ ਜ਼ਬਤ ਕਰਨੀ ਸ਼ੁਰੂ ਕਰ ਦਿਤੀ ਅਤੇ ਅਪਣੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੈਂਬਰਾਂ ਨੂੰ ਸਰਹੱਦ ਪਾਰ ਇਨਾਂ ਰਾਖਵੇਂ ਖੇਤਰਾਂ ਵਿਚ ਭੇਜ ਰਿਹਾ ਹੈ।
ਪੀ.ਐਲ.ਏ. ਨੇ ਮਈ ਮਹੀਨੇ ਤੋਂ ਅਪਣੇ ਫ਼ੌਜੀਆਂ ਨੂੰ ਸਰਹੱਦ ਪਾਰ ਕਰਾ ਕੇ ਹੁਮਲਾ ਜ਼ਿਲ੍ਹੇ ਵਿਚ ਲਿਮੀ ਘਾਟੀ ਅਤੇ ਹਿਲਸਾ ਵਿਚ ਪਹਿਲਾਂ ਗੱਡੇ ਗਏ ਪੱਥਰ ਦੇ ਖੰਬੇ ਨੂੰ ਅੱਗੇ ਵਧਾਇਆ।
ਪੱਥਰ ਦੇ ਇਹ ਖੰਬੇ ਮਿਲਟਰੀ ਠਿਕਾਣਿਆਂ ਦੇ ਨਿਰਮਾਣ ਦੇ ਪਹਿਲਾਂ ਤੋਂ ਹੀ ਨੇਪਾਲੀ ਖੇਤਰ ਵਿਚ ਸਰਹੱਦ ਦੀ ਹੱਦਬੰਦੀ ਕਰਨ ਲਈ ਗੱਡੇ ਗਏ ਸਨ। ਡੇਲੀ ਟੇਲੀਗ੍ਰਾਫ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਰਿਪੋਟਰਾਂ ਨੇ ਇਨ੍ਹਾਂ ਠਿਕਾਣਿਆਂ ਦੀਆਂ ਤਸਵੀਰਾਂ ਦੇਖੀਆਂ ਹਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਬ੍ਰਿਟੇਨ ਦੀ ਅਖ਼ਬਾਰ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, ''ਇਹ ਰਿਪੋਰਟ ਤੱਥਾਂ 'ਤੇ ਅਧਾਰਤ ਨਹੀਂ ਹੈ ਅਤੇ ਪੂਰੀ ਤਰ੍ਹਾਂ ਅਫ਼ਵਾਹ ਹੈ।'' ਚੀਨ ਨੇ ਕਿਹਾ ਕਿ ਨੇਪਾਲ ਦੀ ਸਰਵੇਖਣ ਟੀਮ ਅਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੀ ਹੈ।