Twitter ਨੇ ਕਰਮਚਾਰੀਆਂ ਨੂੰ ਭੇਜੀ ਮੇਲ, ‘ਦਫਤਰ ਆ ਰਹੇ ਹੋ ਤਾਂ ਵਾਪਸ ਜਾਓ ਕਿਉਂਕਿ ਛਾਂਟੀ ਹੋ ਰਹੀ ਹੈ’
ਨਿਊਯਾਰਕ ਟਾਈਮਜ਼ ਨੇ ਕੰਪਨੀ ਵਿਚ ਜਾਰੀ ਕੀਤੀ ਇਕ ਈਮੇਲ ਦਾ ਹਵਾਲਾ ਦਿੱਤਾ ਕਿ ਮਸਕ "ਸ਼ੁੱਕਰਵਾਰ ਨੂੰ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦੇਣਗੇ"।
ਨਿਊਯਾਰਕ: ਅਰਬਪਤੀ ਉਦਯੋਗਪਤੀ ਐਲੋਨ ਮਸਕ ਵੱਲੋਂ ਟਵਿੱਟਰ ਖਰੀਦਣ ਤੋਂ ਇਕ ਹਫ਼ਤੇ ਬਾਅਦ ਸੋਸ਼ਲ ਮੀਡੀਆ ਕੰਪਨੀ ਵੱਲੋਂ ਸ਼ੁੱਕਰਵਾਰ ਨੂੰ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰਨ ਦੀ ਸੰਭਾਵਨਾ ਹੈ ਅਤੇ ਟਵਿਟਰ ਦੇ 7500 ਕਰਮਚਾਰੀਆਂ ਵਿਚੋਂ ਕਰੀਬ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ।
ਨਿਊਯਾਰਕ ਟਾਈਮਜ਼ ਨੇ ਕੰਪਨੀ ਵਿਚ ਜਾਰੀ ਕੀਤੀ ਇਕ ਈਮੇਲ ਦਾ ਹਵਾਲਾ ਦਿੱਤਾ ਕਿ ਮਸਕ "ਸ਼ੁੱਕਰਵਾਰ ਨੂੰ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦੇਣਗੇ"। ਰਿਪੋਰਟ ਵਿਚ ਕਿਹਾ ਗਿਆ ਹੈ ਕਿ 'ਟਵਿੱਟਰ ਦੇ ਕਰਮਚਾਰੀਆਂ ਨੂੰ ਇਕ ਈਮੇਲ ਵਿਚ ਸੂਚਿਤ ਕੀਤਾ ਗਿਆ ਸੀ ਕਿ ਛਾਂਟੀ ਸ਼ੁਰੂ ਹੋਣ ਵਾਲੀ ਹੈ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਘਰ ਜਾਣ ਅਤੇ ਸ਼ੁੱਕਰਵਾਰ ਨੂੰ ਦਫਤਰ ਵਾਪਸ ਨਾ ਆਉਣ ਕਿਉਂਕਿ ਛਾਂਟੀ ਸ਼ੁਰੂ ਹੋ ਰਹੀ ਹੈ।'
ਰਿਪੋਰਟ ਦੇ ਅਨੁਸਾਰ, ਈਮੇਲ ਵਿਚ ਕਿਹਾ ਗਿਆ ਹੈ, “ਟਵਿੱਟਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿਚ ਅਸੀਂ ਆਪਣੇ ਗਲੋਬਲ ਕਰਮਚਾਰੀਆਂ ਨੂੰ ਘਟਾਉਣ ਦੀ ਮੁਸ਼ਕਲ ਪ੍ਰਕਿਰਿਆ ਵਿਚੋਂ ਲੰਘਾਂਗੇ। ਸਾਡਾ ਮੰਨਣਾ ਹੈ ਕਿ ਇਹ ਬਹੁਤ ਸਾਰੇ ਵਿਅਕਤੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਨੇ ਟਵਿੱਟਰ ਲਈ ਕੀਮਤੀ ਯੋਗਦਾਨ ਪਾਇਆ ਹੈ ਪਰ ਬਦਕਿਸਮਤੀ ਨਾਲ ਇਹ ਕਾਰਵਾਈ ਕੰਪਨੀ ਦੀ ਸਫਲਤਾ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ '3,738 ਲੋਕਾਂ' ਨੂੰ ਹਟਾਇਆ ਜਾ ਸਕਦਾ ਹੈ ਅਤੇ ਸੂਚੀ ਨੂੰ ਅਜੇ ਵੀ ਬਦਲਿਆ ਜਾ ਸਕਦਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਛਾਂਟੀਆਂ ਦੀ ਸਹੀ ਗਿਣਤੀ ਕਿੰਨੀ ਹੋਵੇਗੀ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 'ਲਗਭਗ ਅੱਧੇ ਟਵਿੱਟਰ ਕਰਮਚਾਰੀ ਆਪਣੀਆਂ ਨੌਕਰੀਆਂ ਗੁਆ ਦੇਣਗੇ'।