ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ, ਟਰੰਪ-ਹੈਰਿਸ ਨੇ ਲਾਇਆ ਪੂਰਾ ਜ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।

kamala harris vs trump News in punjabi

ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਮੁਹਿੰਮ ਵੋਟਿੰਗ ਬੰਦ ਹੋਣ ਤੋਂ ਪਹਿਲਾਂ ਕੋਈ ਮੌਕਾ ਨਹੀਂ ਛੱਡ ਰਹੇ ਹਨ। ਦੋਵੇਂ ਨੇਤਾ ਅਪਣੇ ਲਈ ਦੇਸ਼ ਵਾਸੀਆਂ ਤੋਂ ਸਮਰਥਨ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਭੇਜਣ ਦੀ ਭਾਵਨਾਤਮਕ ਅਪੀਲ ਕਰ ਰਹੇ ਹਨ। ਦਸਣਯੋਗ ਹੈ ਕਿ ਅਮਰੀਕਾ ਵਿਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।

ਉਪ ਰਾਸ਼ਟਰਪਤੀ ਹੈਰਿਸ ਨੇ ਵਿਸਕਾਨਸਿਨ ’ਚ ਅਪਣੇ ਹਜ਼ਾਰਾਂ ਉਤਸ਼ਾਹੀ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਅਸੀਂ ਜਿੱਤਾਂਗੇ। ਅਮਰੀਕੀ ਰਾਜਨੀਤੀ ਵਿਚ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦਾ ਸਮਾਂ ਆ ਗਿਆ ਹੈ।’’ ਉਹ ਵਿਸਕਾਨਸਿਨ ਅਤੇ ਉਤਰੀ ਕੈਰੋਲੀਨਾ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਉਹ ਐਤਵਾਰ ਅਤੇ ਸੋਮਵਾਰ ਨੂੰ ਮਿਸ਼ੀਗਨ, ਜਾਰਜੀਆ ਅਤੇ ਪੈਨਸਿਲਵੇਨੀਆ ਵਿਚ ਸਮਾਪਤੀ ਬਹਿਸ ਕਰ ਸਕਦੀ ਹੈ।

ਇਸ ਦੌਰਾਨ 78 ਸਾਲਾ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਅਪਣੀ ਚੋਣ ਮੁਹਿੰਮ ਲਈ ਵਰਜੀਨੀਆ ਨੂੰ ਚੁਣਿਆ। ਸਲੇਮ ਵਿਚ ਅਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਦੇਸ਼ ਵਿਚ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਨਵਾਂ ਦੌਰ ਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਕਮਲਾ ਹੈਰਿਸ ਨੂੰ ਇਕ ਉਦਾਰ ਖੱਬੇਪੱਖੀ ਅਤੇ ਕੱਟੜਪੰਥੀ ਦਸਿਆ।

ਟਰੰਪ ਦੀ ਅਗਲੇ ਦੋ ਦਿਨਾਂ ਵਿਚ ਮਿਸ਼ੀਗਨ, ਪੈਨਸਿਲਵੇਨੀਆ, ਜਾਰਜੀਆ ਅਤੇ ਉਤਰੀ ਕੈਰੋਲੀਨਾ ਵਿਚ ਚੋਣ ਪ੍ਰਚਾਰ ਕਰਨ ਦੀ ਯੋਜਨਾ ਹੈ। ਦਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਕਿਸੇ ਉਮੀਦਵਾਰ ਨੂੰ 270 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੁੰਦੀ ਹੈ।

ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਕਵਰ ਕਰਨ ਵਾਲੀ ਇਕ ਵੈੱਬਸਾਈਟ ਮੁਤਾਬਕ ਹੈਰਿਸ ਨੂੰ 226 ਇਲੈਕਟੋਰਲ ਵੋਟਾਂ ਮਿਲਣੀਆਂ ਯਕੀਨੀ ਹਨ ਅਤੇ ਟਰੰਪ ਨੂੰ 219 ਇਲੈਕਟੋਰਲ ਵੋਟਾਂ ਮਿਲਣੀਆਂ ਯਕੀਨੀ ਹਨ। ਕਮਲਾ ਹੈਰਿਸ ਨੂੰ 270 ਦੇ ਜਾਦੂਈ ਅੰਕੜੇ ਤਕ ਪਹੁੰਚਣ ਲਈ 44 ਵਾਧੂ ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੈ ਜਦਕਿ ਟਰੰਪ ਨੂੰ 51 ਦੀ ਲੋੜ ਹੈ। ਜਿੱਤ ਲਈ ਦੋਵਾਂ ਉਮੀਦਵਾਰਾਂ ਦੀਆਂ ਨਜ਼ਰਾਂ ਸੱਤ ਸਵਿੰਗ ਸਟੇਟਾਂ ਐਰੀਜ਼ੋਨਾ, ਜਾਰਜੀਆ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉਤਰੀ ਕੈਰੋਲੀਨਾ ’ਤੇ ਟਿਕੀਆਂ ਹੋਈਆਂ ਹਨ। (ਏਜੰਸੀ)