ਦੁਨੀਆ ਦੇ ਸਭ ਤੋਂ ਵੱਡੇ ਮਗਰਮੱਛ ਦੀ 110 ਸਾਲ ਦੀ ਉਮਰ ਵਿਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗਿਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ

The largest crocodile in the world died

 

The largest crocodile in the world died : ਆਸਟਰੇਲੀਆ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਕੈਦੀ ਮਗਰਮੱਛ ਦੀ ਮੌਤ ਹੋ ਗਈ। ਇਸ ਮਗਰਮੱਛ ਦਾ ਨਾਂ ਕੈਸੀਅਸ ਸੀ। ਕੈਸੀਅਸ 5.48 ਮੀਟਰ (18 ਫ਼ੁੱਟ) ਲੰਬਾ ਸੀ। ਇਸ ਨੇ ਮਨੁੱਖੀ ਕੈਦ ਵਿਚ ਸੱਭ ਤੋਂ ਵੱਡੇ ਮਗਰਮੱਛ ਵਜੋਂ ਵਿਸ਼ਵ ਰਿਕਾਰਡ ਬਣਾਇਆ। ਆਸਟਰੇਲੀਆਈ ਵਾਈਲਡਲਾਈਫ਼ ਸੈਂਚੂਰੀ ਨੇ ਇਸ ਵਿਸ਼ਾਲ ਪਾਲਤੂ ਮਗਰਮੱਛ ਦੀ ਮੌਤ ਦੀ ਪੁਸ਼ਟੀ ਕੀਤੀ। ਮੰਨਿਆ ਜਾਂਦਾ ਹੈ ਕਿ ਉਹ 110 ਸਾਲ ਤੋਂ ਵੱਧ ਉਮਰ ਦਾ ਸੀ।

ਕੈਸੀਅਸ ਦਾ ਵਜ਼ਨ ਇਕ ਟਨ ਤੋਂ ਜ਼ਿਆਦਾ ਸੀ ਅਤੇ 15 ਅਕਤੂਬਰ ਤੋਂ ਉਸ ਦੀ ਸਿਹਤ ਖ਼ਰਾਬ ਸੀ। ਕੁਈਨਜ਼ਲੈਂਡ ਸੈਰ-ਸਪਾਟਾ ਸ਼ਹਿਰ ਕੇਅਰਨਜ਼ ਨੇੜੇ ਗ੍ਰੀਨ ਆਈਲੈਂਡ ’ਤੇ ਅਧਾਰਤ ਸੰਸਥਾ ਦੀ ਇਕ ਪੋਸਟ ਅਨੁਸਾਰ, ‘ਉਹ ਬਹੁਤ ਬੁੱਢਾ ਸੀ ਅਤੇ ਮੰਨਿਆ ਜਾਂਦਾ ਸੀ ਕਿ ਉਹ ਇਕ ਜੰਗਲੀ ਮਗਰਮੱਛ ਤੋਂ ਵੱਧ ਜ਼ਿੰਦਾ ਰਿਹਾ ਸੀ।’ ਵਾਈਲਡਲਾਈਫ਼ ਸੈਂਚੁਰੀ ਨੇ ਕਿਹਾ, ‘ਕੈਸੀਅਸ ਦੀ ਬਹੁਤ ਯਾਦ ਆਵੇਗੀ ਪਰ ਸਾਡਾ ਪਿਆਰ ਅਤੇ ਉਸ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੀਆਂ।’

ਸਮੂਹ ਦੀ ਵੈਬਸਾਈਟ ਨੇ ਕਿਹਾ ਕਿ ਉਹ 1987 ਤੋਂ ਇਸ ਸਥਾਨ ’ਤੇ ਰਹਿ ਰਿਹਾ ਸੀ। ਉਸ ਨੂੰ ਗੁਆਂਢੀ ਉਤਰੀ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ, ਜਿੱਥੇ ਮਗਰਮੱਛ ਖੇਤਰ ਦੇ ਸੈਰ-ਸਪਾਟਾ ਉਦਯੋਗ ਦਾ ਇਕ ਮਹੱਤਵਪੂਰਨ ਹਿੱਸਾ ਹਨ। ਕੈਸੀਅਸ ਖਾਰੇ ਪਾਣੀ ਦਾ ਮਗਰਮੱਛ ਸੀ। ਇਸ ਨੇ ਕੈਦ ਵਿਚ ਰਹਿਣ ਦਾ ਦੁਨੀਆਂ ਦੇ ਸੱਭ ਤੋਂ ਵੱਡੇ ਮਗਰਮੱਛ ਦੇ ਤੌਰ ’ਤੇ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਅਪਣੇ ਨਾਂ ਕੀਤਾ। ਗਿਨੀਜ਼ ਅਨੁਸਾਰ ਇਸ ਨੇ 2013 ਵਿਚ ਫ਼ਿਲੀਪੀਨਜ਼ ਦੇ ਮਗਰਮੱਛ ਲੋਲੋਂਗ ਦੀ ਮੌਤ ਤੋਂ ਬਾਅਦ ਇਹ ਖ਼ਿਤਾਬ ਜਿੱਤਿਆ, ਜੋ ਕਿ 6.17 ਮੀਟਰ (20 ਫ਼ੁੱਟ 3 ਇੰਚ) ਲੰਬਾ ਸੀ। (ਏਜੰਸੀ)