ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 16 ਨਵੰਬਰ ਨੂੰ ਕਸਤੇਨੇਦੇਲੋ ਬਰੇਸ਼ੀਆ ਵਿਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

14ਵਾਂ ਵਿਸ਼ਾਲ ਨਗਰ ਕੀਰਤਨ 16 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ।

A grand Nagar Kirtan dedicated to the birth anniversary of Sri Guru Nanak Dev Ji will be held on November 16 at Castanedaello Brescia

ਮਿਲਾਨ  (ਦਲਜੀਤ ਮੱਕੜ): ਸਿੱਖ ਧਰਮ ਦੇ ਪਿਤਾਮਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦੇਸ਼ਾਂ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੀ ਲੜੀ ਤਹਿਤ ਇਟਲੀ ਦੇ ਬਰੇਸ਼ੀਆਂ  ਜਿਲੇ ‘ਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ਼ ਕਸਤੇਨੇਦਲੋ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਮਿਤੀ 16 ਨਵੰਬਰ ਨੂੰ ਸਜਾਇਆ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਸਤੇਨੇਦਲੋ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਧਿਆਨ ਵਿੱਚ ਰੱਖ ਕੇ ਪਿਛਲੇ 13 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਇਸ ਵਾਰ 14ਵਾਂ ਵਿਸ਼ਾਲ ਨਗਰ ਕੀਰਤਨ 16 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ।ਉਹਨਾਂ ਦੱਸਿਆ ਕਿ  ਇਸ ਨਗਰ ਕੀਰਤਨ  ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।ਸ਼ਹਿਰ ਦੀ ਪਰਿਕਰਮਾ ਕਰਦਿਆਂ  ਨਗਰ ਕੀਰਤਨ  ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੀ ਹੋਵੇਗੀ ।

ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਪਹੁੰਚ ਕਰਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣਗੀਆਂ।ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ  ਗੱਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ ।ਵੱਖ ਵੱਖ ਪ੍ਰਚਾਰਕ ਜੱਥਿਆਂ ਦੁਆਰਾ  ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾਵੇਗਾ। ਜਿਹਨਾਂ ਵਿੱਚ ਭਾਈ ਜਗਤਾਰ ਸਿੰਘ ਦਾ ਕੀਰਤਨੀ ਜੱਥਾ ਤੇ ਭਾਈ ਅੰਗਰੇਜ ਸਿੰਘ ਜਾਂਗਲਾ ਦਾ ਕਵੀਸ਼ਰ ਜੱਥਾ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਉਣਗੇ।ਇਸ ਮੌਕੇ ਸੰਗਤਾਂ ਲਈ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਜਾਣਗੇ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਗੂਆ ਨੇ ਇਟਲੀ ਵੱਸਦੀ ਸਿੱਖ ਸੰਗਤ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ, ਜੱਥੇਬੰਦੀਆ  ਨੂੰ ਵੱਧ ਚੜ ਕੇ ਨਗਰ ਕੀਰਤਨ ਵਿੱਚ ਪਹੁੰਚਣ ਦੀ  ਅਪੀਲ ਕੀਤੀ।