ਕਰਤਾਰਪੁਰ ਲਾਂਘਾ ਖੁਲ੍ਹਣ ਦਾ ਚੀਨ ਵਲੋਂ ਸਵਾਗਤ
ਚੀਨ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀਆਂ ਭਾਰਤ-ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ...........
ਬੀਜਿੰਗ : ਚੀਨ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀਆਂ ਭਾਰਤ-ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਹੈ। ਚੀਨ ਨੇ ਕਿਹਾ ਕਿ ਉਨ੍ਹਾਂ ਵਿਚਕਾਰ ਗੱਲਬਾਤ ਮਜ਼ਬੂਤ ਹੋਣਾ ਅਤੇ ਉਨ੍ਹਾਂ ਦੇ ਮਤਭੇਦਾਂ ਦਾ ਸਹੀ ਤਰੀਕੇ ਨਾਲ ਹੱਲ ਹੋਣਾ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਕਾਫੀ ਮਹੱਤਵਪੂਰਣ ਹੈ। ਕਰਤਾਰਪੁਰ ਕੋਰੀਡਰ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਇੱਥੇ ਬਿਤਾਏ ਸਨ। ਭਾਰਤ-ਪਾਕਿਸਤਾਨ ਦੋਹਾਂ ਨੇ ਬੀਤੇ ਮਹੀਨੇ ਐਲਾਨ ਕੀਤਾ ਸੀ
ਕਿ ਦੋਵੇਂ ਪਵਿੱਤਰ ਥਾਵਾਂ ਨੂੰ ਜੋੜਨ ਲਈ ਉਹ ਆਪਣੇ-ਆਪਣੇ ਖੇਤਰਾਂ ਵਿਚ ਕੋਰੀਡੋਰ ਨੂੰ ਵਿਕਸਤ ਕਰਨਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਇਕ ਪ੍ਰੈੱਸ ਕਾਰਫਰੰਸ ਵਿਚ ਕੋਰੀਡੋਰ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਭਾਰਤ-ਪਾਕਿਸਤਾਨ ਵਿਚਕਾਰ ਚੰਗੀ ਗੱਲਬਾਤ ਦੇਖ ਕੇ ਸਾਨੂੰ ਖੁਸ਼ੀ ਹੈ। ਦੱਖਣੀ ਏਸ਼ੀਆ ਵਿਚ ਦੋਵੇਂ ਦੇਸ਼ ਖਾਸ ਹਨ। ਉਨ੍ਹਾਂ ਦੇ ਸੰਬੰਧਾਂ ਦੀ ਸਥਿਰਤਾ ਦਾ ਵਿਸ਼ਵ ਸ਼ਾਂਤੀ ਵਿਚ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਤਾਲਮੇਲ ਤੇ ਗੱਲਬਾਤ ਅੱਗੇ ਵਧਾਉਣਗੇ, ਅਪਣੇ ਮਤਭੇਦਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨਗੇ ਅਤੇ ਸਥਿਰਤਾ ਤੇ ਸ਼ਾਂਤੀ ਦੀ ਖਾਤਰ ਆਪਣੇ ਸੰਬੰਧ ਸੁਧਾਰਨਗੇ।