ਖੁਸ਼ਖਬਰੀ: ਕੈਨੇਡਾ 'ਚ ਓਪਨ ਵਰਕ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

2023 'ਚ ਨਵੀਂ ਇਮੀਗਰੇਸ਼ਨ ਨੀਤੀ ਲਿਆ ਰਹੀ ਹੈ ਕੈਨੇਡਾ ਸਰਕਾਰ

photo

 

ਟੋਰਾਂਟੋ: ਕੈਨੇਡਾ ਨੇ ਓਪਨ ਵਰਕ ਪਰਮਿਟ ਧਾਰਕਾਂ ਨੂੰ ਆਪਣੇ ਪਰਿਵਾਰ ਨੂੰ ਨਾਲ ਰੱਖਣ ਲਈ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਨੇ ਐਲਾਨ ਕੀਤਾ ਹੈ ਕਿ 2023 ਤੋਂ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਇੱਥੇ ਕੰਮ ਕਰ ਸਕਣਗੇ। ਇਸ ਕਦਮ ਨਾਲ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਓਪਨ ਵਰਕ ਪਰਮਿਟ ਧਾਰਕਾਂ ’ਚ ਵੱਡੀ ਗਿਣਤੀ ’ਚ ਭਾਰਤੀ ਵੀ ਸ਼ਾਮਲ ਹਨ। ਓਪਨ ਵਰਕ ਪਰਮਿਟ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ’ਚ ਕਿਸੇ ਵੀ ਮਾਲਿਕ ਲਈ ਜਾਇਜ਼ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।

ਕੈਨੇਡਾ ਦੇ ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਸਿਆਨ ਫ੍ਰੇਜ਼ਰ ਨੇ ਸ਼ੁੱਕਰਵਾਰ ਨੂੰ ਕਿਹਾ, ‘ਅੱਜ ਅਸੀਂ ਇਕ ਐਲਾਨ ਕਰ ਰਹੇ ਹਾਂ, ਜਿਸ ਨਾਲ ਮਾਲਿਕਾਂ ਲਈ ਕੰਮ ਲੱਭਣਾ ਆਸਾਨ ਹੋ ਜਾਵੇਗਾ। ਕਾਮੇ ਜਦੋਂ ਤਕ ਇੱਥੇ ਹਨ ਤਦੋਂ ਤਕ ਪਰਿਵਾਰ ਨਾਲ ਰਹਿ ਸਕਣਗੇ। ਅੱਜ ਮੈਂ ਐਲਾਨ ਕਰ ਰਿਹਾ ਹਾਂ ਕਿ ਵੱਖ-ਵੱਖ ਤਰ੍ਹਾਂ ਦੇ ਆਰਜ਼ੀ ਪ੍ਰੋਗਰਾਮਾਂ ਲਈ ਆਏ ਅਰਜ਼ੀਕਾਰਾਂ ਦੇ ਜੀਵਨਸਾਥੀ ਤੇ ਉਨ੍ਹਾਂ ਦੇ ਬੱਚਿਆਂ ਲਈ ਓਪਨ ਵਰਕ ਪਰਮਿਟ ਦਾ ਵਿਸਥਾਰ ਕੀਤਾ ਜਾ ਰਿਹਾ ਹੈ।’

ਕੈਨੇਡਾ ਦਾ ਉਦੇਸ਼ ਇਸ ਵਿਸਤਾਰ ਰਾਹੀਂ ਲੋਕਾਂ ਨੂੰ ਵਰਕ ਪਰਮਿਟ ਦੇ ਕੇ ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਫੈਲੀ ਲੇਬਰ ਦੀ ਕਮੀ ਨੂੰ ਦੂਰ ਕਰਨਾ ਹੈ। ਉਸ ਨੂੰ ਉਮੀਦ ਹੈ ਕਿ ਇਸ ਰਾਹੀਂ ਦੇਸ਼ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ ਤਾਂ ਜੋ ਆਰਥਿਕਤਾ ਵਿੱਚ ਸੁਧਾਰ ਹੋ ਸਕੇ।