ਧਾਰਮਿਕ ਆਜ਼ਾਦੀ: ਅਮਰੀਕਾ ਵਲੋਂ 12 ਮੁਲਕਾਂ ਬਾਰੇ ਫ਼ਿਕਰ ਜ਼ਾਹਿਰ
ਅਮਰੀਕਾ ਨੇ ਜਿਨ੍ਹਾਂ ਮੁਲਕਾਂ ਬਾਰੇ ਚਿੰਤਾ ਜਤਾਈ ਹੈ, ਉਨ੍ਹਾਂ ਵਿਚ ਕਿਊਬਾ, ਇਰਾਨ, ਉੱਤਰ ਕੋਰੀਆ, ਰੂਸ, ਸਾਊਦੀ ਅਰਬ ਤੇ ਤਾਜਿਕਿਸਤਾਨ ਵੀ ਸ਼ਾਮਲ ਹਨ
ਵਾਸ਼ਿੰਗਟਨ- ਅਮਰੀਕਾ ਨੇ ਚੀਨ, ਪਾਕਿਸਤਾਨ ਤੇ ਮਿਆਂਮਾਰ ਸਣੇ 12 ਦੇਸ਼ਾਂ ਨੂੰ ਉੱਥੋਂ ਦੀ ਧਾਰਮਿਕ ਆਜ਼ਾਦੀ ਦੀ ਮੌਜੂਦਾ ਸਥਿਤੀ ਲਈ ਵਿਸ਼ੇਸ਼ ਚਿੰਤਾ ਵਾਲੇ ਦੇਸ਼ ਐਲਾਨਿਆ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਦੁਨੀਆ ਭਰ ਵਿਚ ਸਰਕਾਰੀ ਤੇ ਗੈਰ-ਸਰਕਾਰੀ ਤੱਤ ਲੋਕਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੇ ਅਧਾਰ ’ਤੇ ਤੰਗ ਕਰਦੇ ਹਨ, ਧਮਕਾਉਂਦੇ ਤੇ ਕੈਦ ਕਰਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦੀ ਹੱਤਿਆ ਵੀ ਕਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਕੁਝ ਉਦਾਹਰਨਾਂ ਵਿਚ, ਉਹ ਰਾਜਨੀਤਿਕ ਲਾਭ ਦੇ ਮੌਕਿਆਂ ਦਾ ਫਾਇਦਾ ਚੁੱਕਣ ਲਈ ਲੋਕਾਂ ਦੀ ਧਰਮ ਜਾਂ ਆਸਥਾ ਦੀ ਆਜ਼ਾਦੀ ਦਾ ਗਲ਼ ਘੁੱਟ ਦਿੰਦੇ ਹਨ। ਬਲਿੰਕਨ ਨੇ ਕਿਹਾ ਕਿ ਇਹ ਕਾਰਵਾਈਆਂ ਵੰਡ ਪਾਉਂਦੀਆਂ ਹਨ, ਆਰਥਿਕ ਸੁਰੱਖਿਆ ਨੂੰ ਕਮਜ਼ੋਰ ਕਰਦੀਆਂ ਹਨ। ਅਮਰੀਕਾ ਨੇ ਜਿਨ੍ਹਾਂ ਮੁਲਕਾਂ ਬਾਰੇ ਚਿੰਤਾ ਜਤਾਈ ਹੈ, ਉਨ੍ਹਾਂ ਵਿਚ ਕਿਊਬਾ, ਇਰਾਨ, ਉੱਤਰ ਕੋਰੀਆ, ਰੂਸ, ਸਾਊਦੀ ਅਰਬ ਤੇ ਤਾਜਿਕਿਸਤਾਨ ਵੀ ਸ਼ਾਮਲ ਹਨ।