ਅਮਰੀਕਾ ’ਚ 2 ਜਨਵਰੀ ਨੂੰ ਗੁੰਮ ਹੋਈ ਭਾਰਤੀ ਮਹਿਲਾ ਨਿਕਿਤਾ ਗੋਡੀਸ਼ਾਲਾ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰੇਮੀ ਅਰਜਨ ਸ਼ਰਮਾ ਦੇ ਅਪਾਰਟਮੈਂਟ ’ਚੋਂ ਮਿਲੀ ਮ੍ਰਿਤਕਾ ਦੀ ਲਾਸ਼

Indian woman Nikita Godishala, who went missing in the US on January 2, has died.

ਮੈਰੀਲੈਂਡ: ਅਮਰੀਕਾ ਦੇ ਮੈਰੀਲੈਂਡ ਤੋਂ ਪਿਛਲੇ ਹਫ਼ਤੇ ਗੁੰਮ ਹੋਈ 27 ਸਾਲਾ ਭਾਰਤੀ ਮਹਿਲਾ ਮ੍ਰਿਤਕ ਹਾਲਤ ’ਚ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ ਮਹਿਲਾ ਦੇ ਸਾਬਕਾ ਪ੍ਰੇਮੀ ਨੇ ਉਸ ਦਾ ਕਤਲ ਕੀਤਾ ਹੈ ਅਤੇ ਉਹ ਭਾਰਤ ਭੱਜ ਗਿਆ ਹੈ। ਮੈਰੀਲੈਂਡ ਦੇ ਏਲੀਕਾਟ ਸਿਟੀ ਦੀ ਰਹਿਣ ਵਾਲੀ 27 ਸਾਲ ਦੀ ਨਿਕਿਤਾ ਗੋਡੀਸ਼ਾਲਾ 2 ਜਨਵਰੀ ਨੂੰ ਗੁੰਮ ਹੋ ਗਈ ਸੀ। ਹਾਵਰਡ ਕਾਉਂਟੀ ਪੁਲਿਸ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਨਿਕਿਤਾ ਦੀ ਲਾਸ਼ ਕੋਲੰਬੀਆ ਵਿੱਚ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਦੇ ਅਪਾਰਟਮੈਂਟ ’ਚੋਂ ਬਰਾਮਦ ਹੋਈ ਹੈ, ਲਾਸ਼ ਉੱਤੇ ਚਾਕੂ ਦੇ ਜ਼ਖ਼ਮ ਸਨ। ਪੁਲਿਸ ਨੇ ਅਰਜੁਨ ਸ਼ਰਮਾ ਖਿਲਾਫ਼ ਕਤਲ ਦੇ ਆਰੋਪ ਤਹਿਤ ਗ੍ਰਿਫ਼ਤਾਰੀ ਵਾਰੰਟ ਹਾਸਲ ਕਰ ਲਿਆ ਹੈ।

ਅਰਜੁਨ ਸ਼ਰਮਾ ਨੇ 2 ਜਨਵਰੀ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੇ ਨਿਕਿਤਾ ਗੋਡੀਸ਼ਾਲਾ ਨੂੰ ਆਖਰੀ ਵਾਰ ਨਵੇਂ ਸਾਲ ਦੀ ਸ਼ਾਮ ਨੂੰ ਮੈਰੀਲੈਂਡ ਸਿਟੀ ਵਿੱਚ ਆਪਣੇ ਅਪਾਰਟਮੈਂਟ ਵਿੱਚ ਵੇਖਿਆ ਸੀ। ਪੁਲਿਸ ਨੇ ਦੱਸਿਆ ਕਿ ਰਿਪੋਰਟ ਦਰਜ ਕਰਵਾਉਣ ਤੋਂ ਤੁਰੰਤ ਬਾਅਦ ਸ਼ਰਮਾ ਭਾਰਤ ਭੱਜ ਗਿਆ। ਜਦਕਿ 3 ਜਨਵਰੀ ਨੂੰ ਜਾਸੂਸਾਂ ਨੇ ਗੋਡੀਸ਼ਾਲਾ ਨੂੰ ਸ਼ਰਮਾ ਦੇ ਘਰ ਵਿੱਚ ਮ੍ਰਿਤਕ ਪਾਇਆ। ਜਾਸੂਸਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ 31 ਦਸੰਬਰ ਨੂੰ ਗੋਡੀਸ਼ਾਲਾ ਦਾ ਕਤਲ ਕਰ ਦਿੱਤਾ।

ਨਿਕਿਤਾ ਗੋਡੀਸ਼ਾਲਾ ਮੈਰੀਲੈਂਡ ਦੇ ਕੋਲੰਬੀਆ ਵਿੱਚ ਵੇਦਾ ਹੈਲਥ ਵਿੱਚ ਡਾਟਾ ਅਤੇ ਸਟ੍ਰੈਟੇਜੀ ਐਨਾਲਿਸਟ ਸੀ। ਉਸ ਨੇ ਫਰਵਰੀ 2025 ਵਿੱਚ ਫਰਮ ਜੁਆਇਨ ਕੀਤੀ ਸੀ, ਅਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ, ਉਸ ਨੂੰ ਆਪਣੇ ਪ੍ਰਦਰਸ਼ਨ ਲਈ "ਆਲ-ਇਨ ਅਵਾਰਡ" ਮਿਲਿਆ। ‘ਵੇਦਾ ਹੈਲਥ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗੋਡੀਸ਼ਾਲਾ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਮੈਨੇਜਮੈਂਟ ਸਾਇੰਸਜ਼ ਫਾਰ ਹੈਲਥ ਵਿੱਚ ਡੇਟਾ ਐਨਾਲਿਸਿਸ ਅਤੇ ਵਿਜ਼ੂਅਲਾਈਜ਼ੇਸ਼ਨ ਸਪੈਸ਼ਲਿਸਟ (ਟੈਕਨੀਕਲ ਐਡਵਾਈਜ਼ਰ) ਵਜੋਂ ਕੰਮ ਕੀਤਾ ਅਤੇ ਉਸ ਤੋਂ ਪਹਿਲਾਂ ਜੂਨ 2022 ਤੋਂ ਮਈ 2023 ਦੇ ਵਿਚਕਾਰ ਗੋਡੀਸ਼ਾਲਾ ਯੂਨੀਵਰਸਿਟੀ ਆਫ਼ ਮੈਰੀਲੈਂਡ, ਬਾਲਟੀਮੋਰ ਕਾਉਂਟੀ ਵਿੱਚ ਸੀ। ਭਾਰਤ ਵਿੱਚ, ਗੋਡੀਸ਼ਾਲਾ ਨੇ ਕ੍ਰਿਸ਼ਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਹਸਪਤਾਲਾਂ ਵਿੱਚ ਡੇਢ ਸਾਲ ਤੱਕ ਕਲੀਨੀਕਲ ਫਾਰਮਾਸਿਸਟ ਇੰਟਰਨ ਵਜੋਂ ਅਤੇ ਫਿਰ ਦੋ ਸਾਲ ਤੱਕ ਕਲੀਨੀਕਲ ਡੇਟਾ ਸਪੈਸ਼ਲਿਸਟ ਵਜੋਂ ਕੰਮ ਕੀਤਾ।