ਭਾਰਤ ਨੂੰ ਪਛਾੜ ਕੇ ਚੀਨ ਬਣਿਆ ਮਾਲਦੀਵ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਸੈਰ-ਸਪਾਟਾ ਸਥਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

2023 ’ਚ ਚੀਨ ਤੀਜੇ ਸਥਾਨ ’ਤੇ ਸੀ

India, China and Maldives

ਮਾਲੇ: ਇਕ ਰੀਪੋਰਟ ਮੁਤਾਬਕ ਚੀਨ ਮਾਲਦੀਵ ਆਉਣ ਵਾਲੇ ਸੈਲਾਨੀਆਂ ਲਈ ਭਾਰਤ ਨੂੰ ਪਛਾੜ ਕੇ ਚੋਟੀ ਦਾ ਸਥਾਨ ਬਣ ਗਿਆ ਹੈ। ਮਾਲਦੀਵ ਅਤੇ ਭਾਰਤ ਵਿਚਾਲੇ ਕੂਟਨੀਤਕ ਵਿਵਾਦ ਦੇ ਵਿਚਕਾਰ ਸੋਮਵਾਰ ਨੂੰ ਇੱਥੇ ਜਾਰੀ ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ। 

ਮਾਲਦੀਵ ਦੇ ਸੈਰ-ਸਪਾਟਾ ਮੰਤਰਾਲੇ ਦੇ ਅਧਿਕਾਰਤ ਅੰਕੜਿਆਂ ਮੁਤਾਬਕ 4 ਫ਼ਰਵਰੀ 2024 ਤਕ 23,972 ਸੈਲਾਨੀਆਂ ਨਾਲ ਚੀਨ 11.2 ਫੀ ਸਦੀ ਹਿੱਸੇਦਾਰੀ ਨਾਲ ਪਹਿਲੇ ਸਥਾਨ ’ਤੇ ਰਿਹਾ। 2023 ’ਚ ਚੀਨ ਤੀਜੇ ਸਥਾਨ ’ਤੇ ਸੀ। ਦੂਜੇ ਪਾਸੇ, ਭਾਰਤ, ਜੋ 2023 ’ਚ ਪਹਿਲੇ ਸਥਾਨ ’ਤੇ ਸੀ, 4 ਫ਼ਰਵਰੀ ਤਕ ਅੰਕੜਿਆਂ ’ਚ 16,536 ਸੈਲਾਨੀਆਂ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ। ਇਸ ਸਾਲ ਹੁਣ ਤਕ ਮਾਲਦੀਵ ਆਉਣ ਵਾਲੇ ਸੈਲਾਨੀਆਂ ਦੀ ਕੁਲ ਗਿਣਤੀ ਦਾ 7.7 ਫ਼ੀ ਸਦੀ ਭਾਰਤ ਦਾ ਹੈ। 

ਮਾਲਦੀਵ ਦੇ ਤਿੰਨ ਮੰਤਰੀਆਂ ਵਲੋਂ ਸੋਸ਼ਲ ਮੀਡੀਆ ’ਤੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਤੋਂ ਬਾਅਦ ਇਹ ਘਟਨਾਕ੍ਰਮ ਭਾਰਤ ਦੀ ਪ੍ਰਤੀਕਿਰਿਆ ਦਾ ਨਤੀਜਾ ਹੋ ਸਕਦਾ ਹੈ। ਇਹ ਟਿਪਣੀਆਂ ਮੋਦੀ ਦੇ ਜਨਵਰੀ ਦੇ ਸ਼ੁਰੂ ’ਚ ਲਕਸ਼ਦੀਪ ਦੀ ਅਪਣੀ ਯਾਤਰਾ ਦੌਰਾਨ ਤਸਵੀਰਾਂ ਅਤੇ ਵੀਡੀਉ ਪੋਸਟ ਕਰਨ ਤੋਂ ਬਾਅਦ ਆਈਆਂ ਹਨ। ਮੋਦੀ ਵਿਰੁਧ ਟਿਪਣੀ ਵਾਇਰਲ ਹੋਣ ਤੋਂ ਤੁਰਤ ਬਾਅਦ, ਦੇਸ਼ ਦੀਆਂ ਮਸ਼ਹੂਰ ਹਸਤੀਆਂ ਸਮੇਤ ਸੈਂਕੜੇ ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਨੇ ਮਾਲਦੀਵ ’ਚ ਸੈਰ-ਸਪਾਟੇ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। 

ਇਸ ਤੋਂ ਬਾਅਦ, ਕਈ ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਅਤੇ ਕੁੱਝ ਟ੍ਰੈਵਲ ਕੰਪਨੀਆਂ ਨੇ ਦਾਅਵਾ ਕੀਤਾ ਕਿ ਕੂਟਨੀਤਕ ਵਿਵਾਦ ਤੋਂ ਬਾਅਦ ਵੱਡੀ ਗਿਣਤੀ ’ਚ ਭਾਰਤੀ ਮਾਲਦੀਵ ਦੀ ਅਪਣੀ ਨਿਰਧਾਰਤ ਯਾਤਰਾ ਰੱਦ ਕਰ ਰਹੇ ਹਨ। ਮਾਲਦੀਵ ਦੇ ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2023 ’ਚ 17 ਲੱਖ ਤੋਂ ਜ਼ਿਆਦਾ ਸੈਲਾਨੀਆਂ ਨੇ ਮਾਲਦੀਵ ਦਾ ਦੌਰਾ ਕੀਤਾ। ਇਨ੍ਹਾਂ ’ਚ ਭਾਰਤੀ ਸੈਲਾਨੀ 2,09,198, ਰੂਸੀ ਸੈਲਾਨੀ 2,09,146 ਅਤੇ ਚੀਨੀ ਸੈਲਾਨੀ 1,87,118 ਸਨ।