23 ਮੈਂਬਰੀ ਐਨ.ਡੀ.ਪੀ. ਵਜ਼ਾਰਤ 'ਚ 11 ਔਰਤਾਂ ਸ਼ਾਮਲ
ਬ੍ਰਿਟਿਸ਼ ਕੋਲੰਬੀਆ ਸੂਬੇ 'ਚ 9 ਮਈ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ-ਹਾਰ ਦੇ ਰੇੜਕੇ ਪਿੱਛੋਂ ਸਰਕਾਰ ਬਣਾਉਣ ਨੂੰ ਲੈ ਕੇ ਉਲਝੀ ਤਾਣੀ ਦਾ ਅੱਜ ਉਸ ਵੇਲੇ ਭੋਗ ਪੈ ਗਿਆ
ਵੈਨਕੂਵਰ, 19 ਜੁਲਾਈ (ਬਰਾੜ-ਭਗਤਾ ਭਾਈ ਕਾ) : ਬ੍ਰਿਟਿਸ਼ ਕੋਲੰਬੀਆ ਸੂਬੇ 'ਚ 9 ਮਈ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ-ਹਾਰ ਦੇ ਰੇੜਕੇ ਪਿੱਛੋਂ ਸਰਕਾਰ ਬਣਾਉਣ ਨੂੰ ਲੈ ਕੇ ਉਲਝੀ ਤਾਣੀ ਦਾ ਅੱਜ ਉਸ ਵੇਲੇ ਭੋਗ ਪੈ ਗਿਆ ਜਦੋਂ ਜੌਹਨ ਹੌਰਗਨ ਦੀ ਅਗਵਾਈ ਵਾਲੀ ਪਾਰਟੀ ਐਨ.ਡੀ.ਪੀ. ਨੇ 16 ਸਾਲ ਬਾਅਦ 23 ਮੰਤਰੀਆਂ ਵਾਲੀ ਵਜ਼ਾਰਤ ਨੇ ਨਵੀਂ ਸਰਕਾਰ ਵਜੋਂ ਸਹੁੰ ਚੁੱਕ ਲਈ ਹੈ।
ਮੁੱਖ ਮੰਤਰੀ ਤੋਂ ਇਲਾਵਾ 22 ਮੰਤਰੀਆਂ 'ਚ 11 ਮਰਦ ਅਤੇ 11 ਹੀ ਔਰਤਾਂ ਮੰਤਰੀ ਸ਼ਾਮਲ ਕੀਤੀਆਂ ਗਈਆਂ ਹਨ, ਜਦੋਂ ਕਿ 6 ਪਾਰਲੀਮਾਨੀ ਸਕੱਤਰ ਅਤੇ 27 ਰਾਜ ਮੰਤਰੀ ਵੀ ਬਣਾਏ ਗਏ ਹਨ। ਲੋਕ ਚਰਚਾ ਲਿਸਟ ਆਏ ਜਗਰੂਪ ਸਿੰਘ ਬਰਾੜ ਵਜ਼ਾਰਤੀ ਦੌੜ 'ਚੋਂ ਫਿਲਹਾਲ ਤਾਂ ਬਾਹਰ ਹੀ ਹੈ। ਔਰਤਾਂ ਨੂੰ ਵਜ਼ਾਰਤ 'ਚ ਬਰਾਬਰਤਾ ਦੇਣ 'ਤੇ ਪ੍ਰੀਮੀਅਰ ਜੌਹਨ ਹੌਰਗਨ ਦੀ ਹਰਮਨ ਪਿਆਰਤਾ 'ਚ ਬਹੁਤ ਵਾਧਾ ਹੋਇਆ ਹੈ।
ਜਿਨ੍ਹਾਂ ਤਿੰਨ ਪੰਜਾਬੀਆਂ ਨੂੰ ਵਜ਼ਾਰਤ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਹੈਰੀ ਬੈਂਸ (ਲੇਬਰ ਮੰਤਰੀ), ਸਾਬਕਾ ਮੈਂਬਰ ਪਾਰਲੀਮੈਂਟ ਜਿੰਨੀ ਸਿੰਮਜ (ਜੋਗਿੰਦਰ ਕੌਰ ਸਿਟੀਜ਼ਨ ਸਰਵਿਸਜ਼ ਮੰਤਰੀ) ਅਤੇ ਸਾਬਕਾ ਫੀਲਡ ਹਾਕੀ ਉਲੰਪੀਅਨ ਰਵੀ ਕਾਹਲੋਂ ਪਾਰਲੀਮਾਨੀ ਸਕੱਤਰ (ਖੇਡਾਂ ਅਤੇ ਮਲਟੀਕਲਚਰਿਜ਼ਮ) ਸ਼ਾਮਲ ਹਨ।
ਨਵੀਂ ਸਰਕਾਰ ਨੇ ਕਈ ਨਵੇਂ ਫੈਸਲੇ ਵੀ ਲਏ ਗਏ ਹਨ, ਜਿਨ੍ਹਾਂ ਵਿਚ ਪੁਲਾਂ ਤੋਂ ਟੋਲ ਖ਼ਤਮ ਕਰਨਾ ਅਤੇ 60 ਸਾਲ ਤੋਂ ਉਪਰ ਉਮਰ ਵਾਲਿਆਂ ਲਈ ਹਫ਼ਤੇ 'ਚ ਚਾਰ ਦਿਨ ਫੇਰੀ ਮੁਫ਼ਤ ਹੋਵੇਗੀ। ਇਸ ਦੇ ਨਾਲ ਹੀ ਬਹੁਤ ਸਾਰੇ ਅਜਿਹੇ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਦਾ ਆਮ ਪਬਲਿਕ ਨੂੰ ਸਿੱਧੇ ਤੌਰ 'ਤੇ ਲਾਭ ਹੋਵੇਗਾ।