ਡੋਨਾਲਡ ਟਰੰਪ ਦੇ ਬੇਟੇ ਅਤੇ ਜਵਾਈ ਕੋਲੋਂ ਹੋਵੇਗੀ ਪੁਛ-ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਬੇਟੇ, ਉਨ੍ਹਾਂ ਦੇ ਜਵਾਈ ਅਤੇ ਸਾਬਕਾ ਪ੍ਰਚਾਰ ਪ੍ਰੰਬਧਕ ਦੀ ਸੀਨੇਟ ਕਮੇਟੀ ਸਾਹਮਣੇ ਪੇਸ਼ੀ ਹੋਵੇਗੀ, ਜਿਥੇ ਉਹ ਅਪਣੇ ਬਿਆਨ ਦਰਜ

Donald Trump son and son in law

ਵਾਸ਼ਿੰਗਟਨ, 20 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਬੇਟੇ, ਉਨ੍ਹਾਂ ਦੇ ਜਵਾਈ ਅਤੇ ਸਾਬਕਾ ਪ੍ਰਚਾਰ ਪ੍ਰੰਬਧਕ ਦੀ ਸੀਨੇਟ ਕਮੇਟੀ ਸਾਹਮਣੇ ਪੇਸ਼ੀ ਹੋਵੇਗੀ, ਜਿਥੇ ਉਹ ਅਪਣੇ ਬਿਆਨ ਦਰਜ ਕਰਵਾਉਣਗੇ। ਇਹ ਕਮੇਟੀ 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖ਼ਲਅੰਦਾਜੀ ਦੀ ਜਾਂਚ ਕਰ ਰਹੀ ਹੈ। ਟਰੰਪ ਦੇ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ, ਜਵਾਈ ਜੈਰੇਡ ਕਸ਼ਨਰ ਅਤੇ ਪ੍ਰਚਾਰ ਪ੍ਰੰਬਧਕ ਪਾਲ ਮੈਨਫ਼ੋਰਟ ਰੂਸੀ ਅਧਿਕਾਰੀਆਂ ਨਾਲ ਸਬੰਧ ਰੱਖਣ ਦੇ ਮਾਮਲੇ 'ਚ ਸ਼ੱਕੀ ਹਨ।
ਹਾਲਾਂਕਿ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਰੂਸ ਤੋਂ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਹੈ। ਇਸ ਵਿਚਕਾਰ ਟਰੰਪ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਜੈਫ਼ ਸੇਸ਼ਨ ਇਸ ਜਾਂਚ ਤੋਂ ਖ਼ੁਦ ਨੂੰ ਵੱਖ ਕਰ ਲੈਣਗੇ ਤਾਂ ਸੇਸ਼ਨ ਨੂੰ ਅਟਾਰਨੀ ਜਨਰਲ ਹੀ ਨਿਯੁਕਤ ਨਾ ਕਰਦੇ।
ਨਿਊਯਾਰਕ ਟਾਈਮਜ਼ ਨੂੰ ਦਿਤੇ ਇੰਟਰਵਿਊ 'ਚ ਟਰੰਪ ਨੇ ਕਿਹਾ, ''ਅਟਾਰਨੀ ਜਨਰਲ ਦਾ ਫ਼ੈਸਲਾ ਬਿਲਕੁਲ ਗਲਤ ਸੀ। ਸੇਸ਼ਨ ਨੂੰ ਇਸ ਜਾਂਚ ਤੋਂ ਵੱਖ ਨਹੀਂ ਕਰਨਾ ਚਾਹੀਦਾ ਸੀ। ਜੇ ਉਨ੍ਹਾਂ ਨੇ ਖ਼ੁਦ ਨੂੰ ਵੱਖ ਕਰਨਾ ਸੀ ਤਾਂ ਅਟਾਰਨੀ ਜਨਰਲ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਦੱਸਣਾ ਚਾਹੀਦਾ ਸੀ। ਅਜਿਹੇ 'ਚ ਮੈਂ ਕਿਸੇ ਹੋਰ ਨੂੰ ਇਥੇ ਲਿਆਉਂਦਾ।''
ਜ਼ਿਕਰਯੋਗ ਹੈ ਕਿ ਸੇਸ਼ਨ ਨੇ ਖ਼ੁਦ ਨੂੰ ਅਮਰੀਕੀ ਚੋਣ 'ਚ ਰੂਸੀ ਦਖ਼ਲਅੰਦਾਜੀ ਨਾਲ ਜੁੜੀ ਜਾਂਚ ਤੋਂ ਮਾਰਚ ਮਹੀਨੇ 'ਚ ਵੱਖ ਕਰ ਲਿਆ ਸੀ। ਟਰੰਪ ਦੇ ਇਸ ਬਿਆਨ 'ਤੇ ਜੈਫ਼ ਸੇਸ਼ਨ ਨੇ ਕੋਈ ਟਿਪਣੀ ਨਹੀਂ ਕੀਤੀ ਹੈ। (ਪੀਟੀਆਈ)