ਇੰਡੋਨੇਸ਼ੀਆ ’ਚ ਜ਼ਮੀਨ ਖਿਸਕਣ ਤੇ ਹੜ੍ਹ ਨਾਲ 71 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਚਾਅ ਕਰਮੀਆਂ ਨੇ 38 ਲਾਸ਼ਾਂ ਨੂੰ ਕਢਿਆ

Floods In Indonesia

ਜਕਾਰਤਾ : ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿਚ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਅਚਾਨਕ ਆਏ ਹੜ੍ਹ ਵਿਚ ਘੱਟੋ-ਘੱਟ 71 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਰਾਸ਼ਟਰੀ ਆਫ਼ਤ ਸਬੰਧੀ ਏਜੰਸੀ ਦੇ ਬੁਲਾਰੇ ਰਾਦਿਤਿਆ ਜਾਤੀ ਨੇ ਦਸਿਆ ਕਿ ਪੂਰਬੀ ਨੂਸਾ ਤੇਂਗਗਰਾ ਸੂਬੇ ਦੇ ਫ਼ਲੋਰੇਸ ਟਾਪੂ ਦੇ ਲਮੇਨੇਲੇ ਪਿੰਡ ਦੇ ਕਰੀਬ 50 ਘਰਾਂ ’ਤੇ ਅੱਧੀ ਰਾਤ ਤੋਂ ਬਾਅਦ ਨੇੜਲੀਆਂ ਪਹਾੜੀਆਂ ਤੋਂ ਭਾਰੀ ਮਾਤਰਾ ਵਿਚ ਮਿੱਟੀ ਡਿੱਗਣ ਲੱਗੀ। ਉਨ੍ਹਾਂ ਨੇ ਦਸਿਆ ਕਿ ਬਚਾਅ ਕਰਮੀਆਂ ਨੇ 38 ਲਾਸ਼ਾਂ ਨੂੰ ਕਢਿਆ ਹੈ। 

ਹੜ੍ਹ ਦਾ ਪਾਣੀ ਪੂਰਬੀ ਫ਼ਲੋਰੇਸ ਜ਼ਿਲ੍ਹੇ ਦੇ ਵੱਡੇ ਹਿੱਸੇ ਵਿਚ ਦਾਖ਼ਲ ਹੋ ਗਿਆ ਹੈ, ਜਿਸ ਨਾਲ ਸੈਂਕੜੇ ਘਰ ਪਾਣੀ ਵਿਚ ਡੁੱਬ ਗਏ ਹਨ ਅਤੇ ਕੁਝ ਘਰ ਤਾਂ ਰੁੜ੍ਹ ਗਏ ਹਨ।  ਉਨ੍ਹਾਂ ਨੇ ਦਸਿਆ ਕਿ ਸੈਂਕੜੇ ਲੋਕ ਬਚਾਅ ਮੁਹਿੰਮ ਵਿਚ ਲੱਗੇ ਹੋਏ ਹਨ ਪਰ ਬਿਜਲੀ ਸਪਲਾਈ ਠੱਪ ਹੋਣ, ਸੜਕਾਂ ਦੇ ਪਾਣੀ ਵਿਚ ਡੁੱਬਣ ਅਤੇ ਦੂਰ ਦੂਰਾਡੇ ਦੇ ਇਲਾਕੇ ਹੋਣ ਕਾਰਨ ਸਹਾਇਤਾ ਅਤੇ ਰਾਹਤ ਪਹੁੰਚਾਉਣ ਵਿਚ ਮੁਸ਼ਕਲ ਹੋ ਰਹੀ ਹੈ।

ਜਾਤੀ ਨੇ ਦਸਿਆ ਕਿ ਗੁਆਂਢੀ ਸੂਬੇ ਪਛਮੀ ਨੂਸਾ ਤੇਂਗਗਰਾ ਦੇ ਬੀਮਾ ਸ਼ਹਿਰ ਵਿਚ ਵੀ ਭਿਆਨਕ ਹੜ੍ਹ ਦੀ ਰਿਪੋਰਟ ਮਿਲੀ ਹੈ, ਜਿਸ ਕਾਰਨ ਕਰੀਬ 10 ਹਜ਼ਾਰ ਲੋਕਾਂ ਨੂੰ ਅਪਣੇ ਘਰਾਂ ਨੂੰ ਛਡਣਾ ਪਿਆ ਹੈ।