ਸਾਹਿਬ ਕੌਰ ਧਾਲੀਵਾਲ ਨੇ ਕੈਨੇਡਾ ਦੀ ਪਾਰਲੀਮੈਂਟ ਵਿਚ ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਜ਼ੋਰਦਾਰ ਸ਼ਬਦਾਂ ਵਿਚ ਵਕਾਲਤ ਕੀਤੀ

Sahib Kaur Dhaliwal

ਸਰੀ: ਭਾਰਤ ਵਿਚ ਚਲ ਰਹੇ ਕਿਸਾਨੀ ਸੰਘਰਸ਼ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿਚ ਐਬਟਸਫ਼ੋਰਡ ਦੀ ਜੰਮਪਲ 21 ਸਾਲਾ ਸਾਹਿਬ ਕੌਰ ਧਾਲੀਵਾਲ ਨੇ ਕੈਨੇਡਾ ਦੇ ਹਾਊਸ ਆਫ਼ ਕੌਮਨਜ਼ ਵਿਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ।

ਕੈਨੇਡੀਅਨ ਪਾਰਲੀਮੈਂਟ ਵਿਚ ਲੀਡਰਸ਼ਿਪ ਸਮਿਟ ਦੌਰਾਨ ਐਬਟਸਫ਼ੋਰਡ ਦੇ ਮਾਸਕੀ-ਫ਼ਰੇਜ਼ਰ-ਕੈਨੀਅਨ ਪਾਰਲੀਮੈਂਟ ਹਲਕੇ ਤੋਂ ਬੋਲਦਿਆਂ ਸਾਹਿਬ ਕੌਰ ਨੇ ਕਿਰਸਾਨੀ ਸੰਘਰਸ਼ ਅਤੇ ਭਾਰਤ ਵਿਚ ਕਿਸਾਨਾਂ ਉਪਰ ਹੋ ਰਹੇ ਤਸ਼ੱਦਦ ਅਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਬੰਧ ਵਿਚ ਵਿਚਾਰ ਪੇਸ਼ ਕੀਤੇ। ਸਾਹਿਬ ਕੌਰ ਨੇ ਕੈਨੇਡਾ ਸਰਕਾਰ ਨੂੰ ਭਾਰਤ ਉਪਰ ਜ਼ੋਰ ਪਾ ਕੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਕਿਹਾ ਅਤੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਜ਼ੋਰਦਾਰ ਸ਼ਬਦਾਂ ਵਿਚ ਵਕਾਲਤ ਕੀਤੀ। 

ਕਿਸਾਨੀ ਸੰਘਰਸ਼ ਨੂੰ ਕੌਮਾਂਤਰੀ ਮੁੱਦਾ ਦਸਦਿਆਂ ਸਾਹਿਬ ਕੌਰ ਨੇ ਕੈਨੇਡਾ ਦੇ ਕਿਸਾਨਾਂ ਦੇ ਹੱਕਾਂ ਬਾਰੇ ਵੀ ਕੈਨੇਡੀਅਨ ਸਰਕਾਰ ਨੂੰ ਉਪਰਾਲੇ ਕਰਨ ਦੇ ਸੁਝਾਅ ਦਿਤੇ। ਲੀਡਰਸ਼ਿਪ ਸਮਿਟ ਮੌਕੇ ਸਾਹਿਬ ਕੌਰ ਧਾਲੀਵਾਲ ਵਲੋਂ ਦਿਤੇ ਇਹ ਵਿਚਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਗ਼ੌਰ ਨਾਲ ਸੁਣੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡ ਲੱਖਾ (ਲੁਧਿਆਣਾ) ਨਾਲ ਸਬੰਧਤ ਸਿੱਖ ਚਿੰਤਕ ਗਿਆਨੀ ਹਰਪਾਲ ਸਿੰਘ ਲੱਖਾ ਦੀ ਪੋਤਰੀ ਅਤੇ ਮੀਡੀਆ ਸ਼ਖ਼ਸ਼ੀਅਤ ਡਾ.ਗੁਰਵਿੰਦਰ ਸਿੰਘ ਧਾਲੀਵਾਲ ਅਤੇ ਦਲਜੀਤ ਕੌਰ ਧਾਲੀਵਾਲ ਦੀ ਦਸਤਾਰਧਾਰੀ ਸਪੁੱਤਰੀ ਸਾਹਿਬ ਕੌਰ ਧਾਲੀਵਾਲ ਹਾਊਸ ਆਫ਼ ਕਾਮਨਜ਼ ਵਿਚ ‘ਪੇਜ’ ਵਜੋਂ ਵੀ ਸੇਵਾਵਾਂ ਦੇ ਚੁੱਕੀ ਹੈ ਅਤੇ ਵੱਖ-ਵੱਖ ਅਗਾਂਹਵਧੂ ਮੁੱਦਿਆਂ ਉਤੇ ਆਵਾਜ਼ ਉਠਾਉਂਦੀ ਰਹਿੰਦੀ ਹੈ।