ਸ਼ਿਲਾਂਗ 'ਚ ਕਰਫਿਊ 'ਚ ਢਿੱਲ ਨਹੀਂ, ਇੰਟਰਨੈੱਟ ਅਤੇ ਮੋਬਾਈਲ 'ਤੇ ਰੋਕ ਅਜੇ ਵੀ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਹਿੰਸਾ ਪ੍ਰਭਾਵਤ ਇਲਾਕਿਆਂ ਵਿਚ ਮੰਗਲਵਾਰ ਨੂੰ ਵੀ ਕਰਫਿਊ ਜਾਰੀ ਰਿਹਾ, ਜਦਕਿ ਇੰਟਰਨੈੱਟ ਅਤੇ ਮੋਬਾਈਲ ਟੈਲੀਫ਼ੋਨ 'ਤੇ ਵੀ ਰੋਕ...

curfew in shillong

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਹਿੰਸਾ ਪ੍ਰਭਾਵਤ ਇਲਾਕਿਆਂ ਵਿਚ ਮੰਗਲਵਾਰ ਨੂੰ ਵੀ ਕਰਫਿਊ ਜਾਰੀ ਰਿਹਾ, ਜਦਕਿ ਇੰਟਰਨੈੱਟ ਅਤੇ ਮੋਬਾਈਲ ਟੈਲੀਫ਼ੋਨ 'ਤੇ ਵੀ ਰੋਕ ਬਰਕਰਾਰ ਹੈ। ਹਾਲਾਂਕਿ ਹਾਲਾਤ ਵਿਚ ਸੁਧਾਰ ਨਜ਼ਰ ਆ ਰਿਹਾ ਹੈ। ਈਸਟ ਖ਼ਾਸੀ ਹਿੱਲਸ ਦੇ ਉਪ ਕਮਿਸ਼ਨਰ ਪੀ ਐਸ ਦਖਾਰ ਨੇ ਕਿਹਾ ਕਿ ਮੰਗਲਵਾਰ ਨੂੰ ਅਸੀਂ ਕਰਫਿਊ ਵਿਚ ਢਿੱਲ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇਲਾਕੇ ਵਿਚ ਸਥਿਤੀ ਹੌਲੀ-ਹੌਲੀ ਆਮ ਹੋ ਰਹੀ ਹੈ। ਅਸੀਂ ਲਗਾਤਾਰ ਹਾਲਾਤ 'ਤੇ ਨਜ਼ਰ ਰੱਖ ਰਹੇ ਹਾਂ। 

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਫ਼ੌਜ ਅਜੇ ਵੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ 10 ਵਾਧੂ ਕੰਪਨੀਆਂ ਸ਼ਿਲਾਂਗ ਵਿਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਪੁਲਿਸ ਦੀ ਸਹਾਇਤਾ ਦੇ ਲਈ ਆ ਰਹੀਆਂ ਹਨ। ਦਖਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਰਾਤ ਦਾ ਕਰਫਿਊ ਪੂਰੇ ਸ਼ਿਲਾਂਗ ਵਿਚ ਜਾਰੀ ਰਹੇਗਾ। ਅਜਿਹਾ ਸ਼ਹਿਰ ਦੇ ਦੂਜੇ ਹਿੱਸਿਆਂ ਵਿਚ ਅਸ਼ਾਂਤੀ ਫੈਲਣ ਦੇ ਡਰ ਦੀ ਵਜ੍ਹਾ ਨਾਲ ਕੀਤਾ ਗਿਆ ਸੀ। ਗ਼ੈਰ ਕਾਨੂੰਨੀ ਰੂਪ ਨਾਲ ਪਟਰੌਲ ਅਤੇ ਡੀਜ਼ਲ ਦੀ ਵਿਕਰੀ 'ਤੇ ਰੋਕ ਹੈ।

ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਸਰਕਾਰ ਨੇ ਉਪ ਮੁੱਖ ਮੰਤਰੀ ਪ੍ਰੇਸਟੋਨ ਤੇਨਸਾਂਗ ਦੀ ਪ੍ਰਧਾਨਗੀ ਵਿਚ ਸਫ਼ਾਈ ਕਰਮੀਆਂ ਦੀ ਕਾਲੋਨੀ ਦੀ ਜਗ੍ਹਾ ਬਦਲਣ ਦੇ ਲਟਕਦੇ ਮਾਮਲੇ ਦੇ ਸਥਾਈ ਹੱਲ ਲਈ ਇਕ ਉਚ ਪੱਧਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਪੰਜਾਬੀ ਅਤੇ ਜਨਜਾਤੀ ਖ਼ਾਸੀ ਸਮਾਜ ਦੇ ਮੈਂਬਰਾਂ ਦੇ ਵਿਚਕਾਰ ਹਿੰਸਾ ਤੋਂ ਬਾਅਦ ਇਕ ਜੂਨ ਨੂੰ ਕੁੱਝ ਇਲਾਕਿਆਂ ਵਿਚ ਕਰਫਿਊ ਲਗਾ ਦਿਤਾ ਸੀ। ਕਰਫਿਊ ਵਿਚ ਐਤਵਾਰ ਸਵੇਰੇ 8 ਵਜੇ ਤੋਂ ਸੱਤ ਘੰਟੇ ਦੀ ਢਿੱਲ ਦਿਤੀ ਗਈ ਸੀ ਪਰ ਭੀੜ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਜਾਰੀ ਰਖਿਆ, ਜਿਸ ਨਾਲ ਸੁਰੱਖਿਆ ਬਲਾਂ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ।