ਖ਼ਾਲਿਸਤਾਨ ਦਾ ਝੰਡਾ ਵੇਖ ਕੇ ਰਾਹੁਲ ਗਾਂਧੀ ਕੀ ਬੋਲੇ?

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਜਪਾ ਅਤੇ ਆਰ.ਐਸ.ਐਸ. ਭਵਿੱਖ ਵਲ ਦੇਖਣ ’ਚ ‘ਅਸਮਰੱਥ’, ਮੋਦੀ ‘ਪਿੱਛੇ ਵੇਖ ਕੇ’ ਭਾਰਤ ਦੀ ਗੱਡੀ ਚਲਾ ਰਹੇ ਨੇ : ਰਾਹੁਲ 

Rahul Gandhi In New York.

ਨਿਊ ਯਾਰਕ: ਅਮਰੀਕਾ ਦੀ ਯਾਤਰਾ ’ਤੇ ਆਏ ਰਾਹੁਲ ਨੂੰ ਲਗਾਤਾਰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੌਕਾ ‘ਇੰਡੀਅਨ ਓਵਰਸੀਜ਼ ਕਾਂਗਰਸ-ਯੂ.ਐਸ.ਏ.’ ਵਲੋਂ ਜੇਵਿਟਸ ਸੈਂਟਰ ’ਚ ਕਰਵਾਏ ਇਕ ਪ੍ਰੋਗਰਾਮ ਦਾ ਸੀ ਜਿਸ ’ਚ ਰਾਹੁਲ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਰਾਹੁਲ ਦੇ ਸੰਬੋਧਨ ਦੌਰਾਨ ਇਕ ਵਿਅਕਤੀ ਖ਼ਾਲਿਸਤਾਨ ਦਾ ਝੰਡਾ ਲੈ ਕੇ ਖੜਾ ਹੋ ਗਿਆ।

ਇਸ ’ਤੇ ਉਨ੍ਹਾਂ ਕਿਹਾ, ‘‘ਨਮਸਕਾਰ, ਤੁਹਾਡਾ ਦਿਨ ਸ਼ੁਭ ਹੋਵੇ।’’

ਉਥੇ ਬੈਠੇ ਲੋਕਾਂ ਨੇ ਉਸ ਵਿਅਕਤੀ ਨੂੰ ਹਾਲ ’ਚੋਂ ਬਾਹਰ ਜਾਣ ਦਾ ਇਸ਼ਾਰਾ ਕੀਤਾ। ਹਾਲਾਂਕਿ ਰਾਹੁਲ ਨੇ ਕਿਹਾ, ‘‘ਇਹ ਕਾਂਗਰਸ ਪਾਰਟੀ ਦੀ ਤਾਕਤ ਹੈ। ਅਸੀਂ ਹਿੰਸਾ ਨਹੀਂ ਕਰ ਰਹੇ। ਅਸੀਂ ਭੜਕ ਨਹੀਂ ਰਹੇ। ਅਸੀਂ ਬੁਰਾ ਵਤੀਰਾ ਨਹੀਂ ਕਰ ਰਹੇ। ਇਹ ਸਾਡੀ ਤਾਕਤ ਹੈ। ਕੀ ਅਸੀਂ ਉਸ ’ਤੇ ਚੀਕੀਏ? ਨਹੀਂ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਸੀਂ ਅਪਣਾ ਵਿਹਾਰ ਨਹੀਂ ਬਦਲਦੇ, ਕਿਉਂ ਤੁਸੀਂ ਨਫ਼ਰਤ ਨਾਲ ਨਫ਼ਰਤ ਨੂੰ ਨਹੀਂ ਹਰਾ ਸਕਦੇ। ਇਹ ਨਾਮੁਮਕਿਨ ਹੈ। 

ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਅਪਣੇ ਅਮਰੀਕਾ ਦੌਰੇ ਦੌਰਾਨ ਭਾਰਤ ਸਰਕਾਰ ’ਤੇ ਹਮਲੇ ਲਗਾਤਾਰ ਜਾਰੀ ਹਨ। ਅੱਜ ਉਨ੍ਹਾਂ ਪ੍ਰੋਗਰਾਮ ਦੌਰਾਨ ਪ੍ਰਵਾਸੀਆਂ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨੂੰ ਭਵਿੱਖ ਵਲ ਦੇਖਣ ’ਚ ‘ਅਸਮਰੱਥ’ ਕਰਾਰ ਦਿਤਾ ਅਤੇ ਕਿਹਾ ਕਿ ਉਹ ਸਿਰਫ਼ ‘ਰੀਅਰ ਵਿਊ ਮਿਰਰ’ (ਪਿੱਛੇ ਵੇਖਣ ਵਾਲਾ ਸ਼ੀਸ਼ਾ) ਵੇਖ ਕੇ ਭਾਰਤ ਦੀ ਗੱਡੀ ਚਲਾ ਰਹੇ ਹਨ, ਜੋ ਕਿ ‘ਲਗਾਤਾਰ ਹਾਦਸਿਆਂ’ ਦਾ ਕਾਰਨ ਬਣੇਗਾ। 

ਜੇਵਿਟਸ ਸੈਂਟਰ ’ਚ ਕਰਵਾਏ ਪ੍ਰੋਗਰਾਮ ’ਚ ਰਾਹੁਲ ਨੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਰਾਹੁਲ ਦੀ ਯਾਤਰਾ ਦਾ ਇਹ ਆਖ਼ਰੀ ਪੜਾਅ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਨ ਫ਼ਰਾਂਸਿਸਕੋ ਅਤੇ ਵਾਸ਼ਿੰਗਨ ਡੀ.ਸੀ. ਦੀ ਯਾਤਰਾ ਵੀ ਕੀਤੀ ਸੀ। 

ਕਾਂਗਰਸ ਆਗੂ ਨੇ ਕਿਹਾ, ‘‘ਸਾਡੇ ਦੇਸ਼ ਦੀ ਇਕ ਸਮੱਸਿਆ ਹੈ। ਭਾਜਪਾ ਅਤੇ ਆਰ.ਐਸ.ਐਸ. ਭਵਿੱਖ ਵਲ ਵੇਖਣ ’ਚ ਅਸਮਰੱਥ ਹਨ। ਉਹ ਅਸਮਰੱਥ ਹਨ। ਉਨ੍ਹਾਂ ਨੂੰ ਤੁਸੀਂ ਕੁਝ ਵੀ ਪੁੱਛੋ, ਉਹ ਪਿੱਛੇ ਵਲ ਵੇਖਦੇ ਹਨ।’’

ਉਨ੍ਹਾਂ ਦੇਸ਼ ਦੇ ਸਭ ਤੋਂ ਵੱਡੇ ਰੇਲ ਹਾਦਸਿਆਂ ’ਚੋਂ ਇਕ ਓਡੀਸ਼ਾ ਰੇਲ ਹਾਦਸੇ ਦਾ ਜ਼ਿਕਰ ਕਰਦਿਆਂ ਸਰਕਾਰ ’ਤੇ ਤਨਜ਼ ਕਸਿਆ ਅਤੇ ਕਿਹਾ ਕਿ ਜੇਕਰ ਤੁਸੀਂ ਭਾਜਪਾ ਕੋਲੋਂ ਪੁੱਛੋਗੇ ਕਿ ਰੇਲ ਹਾਦਸਾ ਕਿਉਂ ਹੋਇਆ ਤਾਂ ਉਹ ਕਹਿਣਗੇ ਕਿ ਕਾਂਗਰਸ ਪਾਰਟੀ ਨੇ 50 ਸਾਲ ਪਹਿਲਾਂ ਅਜਿਹਾ ਕੀਤਾ ਸੀ, ਇਸ ਲਈ ਹੋਇਆ। ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਪ੍ਰਤੀਕਿਰਿਆ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਨ ਦੀ ਹੀ ਹੁੰਦੀ ਹੈ।’’ 

ਰਾਹੁਲ ਨੇ ਕਿਹਾ ਕਿ ਕੋਈ ‘ਰੀਅਰ ਵਿਊ ਮਿਰਰ’ ਵੇਖ ਕੇ ਕਾਰ ਨਹੀਂ ਚਲਾ ਸਕਦਾ, ਕਿਉਂਕਿ ਇਸ ਨਾਲ ਤਾਂ ਸਿਰਫ਼ ਹਾਦਸੇ ਹੀ ਹੋਣਗੇ। ਉਨ੍ਹਾਂ ਕਿਹਾ, ‘‘ਇਹੀ ਨਰਿੰਦਰ ਮੋਦੀ ਨਾਲ ਹੋ ਰਿਹਾ ਹੈ। ਉਹ ਭਾਰਤੀ ਗੱਡੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨ ਅਤੇ ਸਿਰਫ਼ ਰੀਅਰ ਵਿਊ ਮਿਰਰ ’ਚ ਵੇਖਦੇ ਹਨ। ਇਸ ਲਈ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਾਰ ਹਾਦਸੇ ਦਾ ਸ਼ਿਕਾਰ ਕਿਉਂ ਹੋ ਰਹੀ ਹੈ ਅਤੇ ਕਿਉਂ ਅੱਗੇ ਨਹੀਂ ਵਧ ਰਹੀ ਹੈ।’’