ਨਿਊਯਾਰਕ 'ਚ ਹੋਏ ਵਿਰੋਧ ਤੋਂ ਬਾਅਦ ਬੋਲੇ ਰਾਜਾ ਵੜਿੰਗ, ''ਨਾ ਮੈਂ ਭੱਜਿਆ ਨਾ ਭੱਜਣ ਵਾਲਿਆਂ 'ਚੋਂ ਹਾਂ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਜਾ ਵੜਿੰਗ ਨੇ ਕਿਹਾ ਕਿ ਉਹ ਅੱਜ ਵੀ ਖਾਲਿਸਤਾਨ ਦੇ ਵਿਰੋਧ ਵਿਚ ਹਨ ਅਤੇ ਕੱਲ੍ਹ ਵੀ ਰਹਿਣਗੇ

Raja Waring spoke after the protest in New York

ਅਮਰੀਕਾ : ਇਨੀਂ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਦੇਸ਼ ਗਏ ਹੋਏ ਹਨ ਤੇ ਅੱਜ  ਨਿਊਯਾਰਕ ਦੇ ਸ਼ਹਿਰ ਮੈਨਹਟਨ ਵਿਚ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ ਤੇ ਉਹਨਾਂ ਨੇ ਅਪਣੀ ਗੱਡੀ ਭਜਾ ਲਈ। ਅੱਜ ਦੇ ਹੋਏ ਵਿਰੋਧ ਤੋਂ ਬਾਅਦ ਪੰਜਾਬ ਰਾਜਾ ਵੜਿੰਗ ਨੇ ਲਾਈਵ ਹੋ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨਾ ਤਾਂ ਉਹ ਭੱਜੇ ਹਨ ਅਤੇ ਨਾ ਹੀ ਭੱਜਣ ਵਾਲਿਆਂ ਵਿਚੋਂ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਉਹ ਅੱਜ ਵੀ ਖਾਲਿਸਤਾਨ ਦੇ ਵਿਰੋਧ ਵਿਚ ਹਨ ਅਤੇ ਕੱਲ੍ਹ ਵੀ ਰਹਿਣਗੇ। ਨਾ ਤਾਂ ਖਾਲਿਸਤਾਨ ਬਣਨਾ ਹੈ ਤੇ ਨਾ ਹੀ ਅਸੀਂ ਬਣਨ ਦੇਣਾ ਹੈ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਹੀ ਨਹੀਂ ਹੈ। ਅਸੀਂ ਹਿੰਦਸੁਤਾਨੀ ਹਾਂ ਅਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਰਾਜਾ ਵੜਿੰਗ ਨੇ ਵਿਰੋਧ ਕਰਨ ਵਾਲੇ ਵਿਅਕਤੀ ਬਾਰੇ ਕਿਹਾ ਕਿ ਅਜਿਹੇ ਵਿਅਕਤੀ ਨਾ ਤਾਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਤੇ ਨਾ ਹੀ ਸਿੱਖਾਂ ਨੂੰ ਪਿਆਰ ਕਰਦੇ ਹਨ।

ਇਹੋ ਜਿਹੇ ਲੋਕਾਂ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹ ਲੋਕ ਪੈਸੇ ਦੇ ਕੇ ਭੇਜੇ ਜਾਂਦੇ ਹਨ। ਇਹ ਦਿਹਾੜੀ ’ਤੇ ਲਿਆਂਦੇ ਗਏ ਲੋਕ ਆਪਣਾ ਕੰਮ ਕਰਦੇ ਹਨ ਤੇ ਰੌਲਾ ਪਾ ਕੇ ਚਲੇ ਜਾਂਦੇ ਹਨ। ਇਹ ਵਿਅਕਤੀ ਝੂਠੇ ਦੋਸ਼ ਲਗਾ ਰਿਹਾ ਹੈ ਕਿ ਰਾਜਾ ਵੜਿੰਗ ਭੱਜ ਗਿਆ ਰੈੱਡ ਲਾਈਟ ਜੰਪ ਕਰ ਦਿੱਤੀ ਪਰ ਅਮਰੀਕਾ ਵਰਗੇ ਮੁਲਕ ਵਿਚ ਰੈੱਡ ਲਾਈਟ ਜੰਪ ਨਹੀਂ ਕੀਤੀ ਜਾ ਸਕਦੀ।  ਇਹ ਲੋਕ ਹਿੰਦੁਸਤਾਨ ਦੀ ਧਰਤੀ ’ਤੇ ਤਾਂ ਜਾ ਨਹੀਂ ਸਕਦੇ ਇਸ ਲਈ ਇਥੇ ਹੀ ਮਾਹੌਲ ਖ਼ਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਨਾ ਤਾਂ ਭੱਜੇ ਹਨ ਤੇ ਨਾ ਹੀ ਭੱਜਣ ਵਾਲਿਆਂ ਵਿਚੋਂ ਹਨ।