ਮਿਸ ਯੂਨੀਵਰਸ ਮੁਕਾਬਲੇ 'ਚ ਹਿੱਸਾ ਲਵੇਗੀ ਸਮਲਿੰਗੀ ਮਾਡਲ
ਸਪੇਨ ਦੀ ਮਾਡਲ ਐਂਜਲਾ ਪੋਨਸ ਨੇ ਇਤਿਹਾਸ ਰਚ ਦਿਤਾ ਹੈ। ਉਹ ਮਿਸ ਯੂਨੀਵਰਸ ਮੁਕਾਬਲੇ 'ਚ ਕਿਸੇ ਵੀ ਦੇਸ਼ ਵਲੋਂ ਨੁਮਾਇੰਦਗੀ ਕਰਨ ਵਾਲੀ ਪਹਿਲੀ ਸਮਲਿੰਗੀ ਹੋਵੇਗੀ.......
ਮੈਡਰਿਡ : ਸਪੇਨ ਦੀ ਮਾਡਲ ਐਂਜਲਾ ਪੋਨਸ ਨੇ ਇਤਿਹਾਸ ਰਚ ਦਿਤਾ ਹੈ। ਉਹ ਮਿਸ ਯੂਨੀਵਰਸ ਮੁਕਾਬਲੇ 'ਚ ਕਿਸੇ ਵੀ ਦੇਸ਼ ਵਲੋਂ ਨੁਮਾਇੰਦਗੀ ਕਰਨ ਵਾਲੀ ਪਹਿਲੀ ਸਮਲਿੰਗੀ ਹੋਵੇਗੀ। ਇਸ ਤੋਂ ਪਹਿਲਾਂ ਸਾਲ 2012 'ਚ ਮਿਸ ਯੂਨੀਵਰਸ ਮੁਕਾਬਲੇ ਵਿਚ ਸਮਲਿੰਗੀ ਲੜਕੀਆਂ ਨੂੰ ਭਾਗ ਲੈਣ ਦੀ ਇਜਾਜ਼ਤ ਮਿਲੀ ਸੀ। ਸਪੇਨ ਦੇ ਸੇਵਿਲੇ ਵਿਚ ਆਯੋਜਿਤ ਕੌਮੀ ਸੁੰਦਰਤਾ ਮੁਕਾਬਲੇ ਵਿਚ 26 ਸਾਲਾ ਪੋਨਸ ਨੇ 22 ਕੁੜੀਆਂ ਨੂੰ ਪਿੱਛੇ ਛਡਦੇ ਹੋਏ ਇਹ ਖਿਤਾਬ ਜਿਤਿਆ। ਇਸ ਦੇ ਨਾਲ ਹੀ ਮਿਸ ਪੋਨਸ ਨੇ ਸਾਲ ਦੇ ਅਖੀਰ 'ਚ ਫ਼ਲੀਪੀਨਜ਼ 'ਚ ਆਯੋਜਿਤ ਹੋਣ ਵਾਲੇ ਵਿਸ਼ਵ ਦੇ ਸਭ ਤੋਂ ਵੱਕਾਰੀ ਮਿਸ ਯੂਨੀਵਰਸ ਮੁਕਾਬਲੇ 'ਚ ਥਾਂ ਬਣਾ ਲਈ ਹੈ।
ਐਂਜਲਾ ਪੋਨਸ ਨੇ ਬੀਤੇ ਸ਼ੁਕਰਵਾਰ ਨੂੰ ਇਹ ਖਿਤਾਬ ਜਿੱਤਣ ਮਗਰੋਂ ਅਪਣੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, ''ਹੁਣ ਮਿਸ ਯੂਨੀਵਰਸ ਮੁਕਾਬਲੇ 'ਚ ਸਪੇਨ ਦੀ ਨੁਮਾਇੰਦਗੀ ਕਰਨ ਦਾ ਮੇਰਾ ਸਭ ਤੋਂ ਵੱਡਾ ਸੁਪਨਾ ਪੂਰਾ ਹੋਵੇਗਾ। ਇਸ ਮੁਕਾਬਲੇ ਵਿਚ ਮੇਰਾ ਉਦੇਸ਼ ਸਿਰਫ਼ ਸਮਲਿੰਗੀਆਂ ਲਈ ਹੀ ਨਹੀਂ ਸਗੋਂ ਪੂਰੇ ਵਿਸ਼ਵ ਲਈ ਬਰਾਬਰੀ ਦੀ ਭਾਵਨਾ, ਆਦਰ ਅਤੇ ਸਦਭਾਵਨਾ ਕਾਇਮ ਕਰਨਾ ਹੈ।
'' ਇਸ ਤੋਂ ਪਹਿਲਾਂ 5.9 ਫ਼ੁਟ ਲੰਮੀ ਐਂਜਲਾ ਪੋਨਸ ਨੇ ਕੈਡੀਜ਼ ਸੂਬੇ ਵਲੋਂ ਸਾਲ 2015 ਵਿਚ ਮਿਸ ਵਰਲਡ ਸਪੇਨ ਮੁਕਾਬਲੇ ਵਿਚ ਹਿੱਸਾ ਲਿਆ ਸੀ, ਪਰ ਉਦੋਂ ਮਿਸ ਬਾਰਸੀਲੋਨਾ ਮਾਇਰਾ ਲਾਲਾਗੁਆ ਨੇ ਇਹ ਮੁਕਾਬਲਾ ਜਿੱਤ ਲਿਆ ਸੀ। ਐਂਜਲਾ ਪੋਨਸ ਮੁਤਾਬਕ ਉਸ ਨੂੰ 3 ਸਾਲ ਦੀ ਉਮਰ 'ਚ ਸਮਲਿੰਗੀ ਹੋਣ ਬਾਰੇ ਪਤਾ ਲੱਗਾ ਸੀ। ਪਰ ਅੱਜ ਦੀ ਤਰੀਕ ਵਿਚ ਐਂਜਲਾ ਮਿਸ ਯੂਨੀਵਰਸ 2018 ਮੁਕਾਬਲੇ ਵਿਚ ਸਪੇਨ ਦੀ ਨੁਮਾਇੰਦਗੀ ਕਰ ਰਹੀ ਹੈ। (ਪੀਟੀਆਈ)