ਯਮਨ : ਵਿਆਹ ਸਮਾਗਮ 'ਚ ਹਵਾਈ ਹਮਲਾ, 20 ਮੌਤਾਂ
ਯਮਨ ਦੇ ਉੱਤਰੀ ਸੂਬੇ ਸਾਦਾ 'ਚ ਇਕ ਵਿਆਹ ਸਮਾਗਮ 'ਤੇ ਹੋਏ ਹਵਾਈ ਹਮਲੇ ਵਿਚ ਲਾੜੀ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ.......
ਸਨਾ : ਯਮਨ ਦੇ ਉੱਤਰੀ ਸੂਬੇ ਸਾਦਾ 'ਚ ਇਕ ਵਿਆਹ ਸਮਾਗਮ 'ਤੇ ਹੋਏ ਹਵਾਈ ਹਮਲੇ ਵਿਚ ਲਾੜੀ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਨ੍ਹਾਂ ਤੋਂ ਇਲਾਵਾ ਲਾੜਾ ਅਤੇ 44 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਵਾਈ ਹਮਲੇ 'ਚ ਸਾਊਦੀ ਅਗਵਾਈ ਵਾਲੇ ਗਠਜੋੜ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਹੈ, ਪਰ ਉਨ੍ਹਾਂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਹਵਾਈ ਹਮਲੇ ਦਾ ਨਿਸ਼ਾਨਾ ਅਲ-ਤਾਹਿਰ ਜ਼ਿਲ੍ਹੇ ਦੇ ਘਫਿਰਾਹ ਪਿੰਡ 'ਚ ਆਯੋਜਿਤ ਵਿਆਹ ਸਮਾਗਮ ਸੀ।
ਸਾਊਦੀ ਗਠਜੋੜ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਦੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ। ਉਹ ਸਿਰਫ਼ ਬਾਗ਼ੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਸਾਊਦੀ ਅਗਵਾਈ ਵਾਲੀ ਗਠਜੋੜ ਫ਼ੌਜ ਨਾਲ ਲੜਨ ਵਾਲੇ ਈਰਾਨ ਸਹਿਯੋਗੀ ਸ਼ਿਆ ਹੁਥਈ ਬਾਗ਼ੀਆਂ ਨੇ ਸਾਦਾ 'ਚ ਅਪਣਾ ਗੜ੍ਹ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਬੀਤੀ 2 ਜੁਲਾਈ ਨੂੰ ਵੀ ਯਮਨ ਦੇ ਜਾਬਿਦ ਜ਼ਿਲ੍ਹੇ 'ਚ ਇਕ ਸਕੂਲ ਨੇੜੇ ਹਵਾਈ ਹਮਲਾ ਹੋਇਆ ਸੀ। ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖ਼ਮੀ ਹੋਏ ਸਨ। (ਏਜੰਸੀ)